ਦਿੱਲੀ ਵਾਸੀਆਂ ਨੇ ਕੇਜਰੀਵਾਲ ਨੂੰ ਚੌਥੀ ਵਾਰ ਮੁੱਖ ਮੰਤਰੀ ਬਣਾਉਣਾ ਤੈਅ ਕਰ ਲਿਆ ਹੈ : ਭਗਵੰਤ ਮਾਨ
PATIALA - ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਦਿੱਲੀ ਦੇ ਕਈ ਹਲਕਿਆਂ ’ਚ ਜਨਤਕ ਮੀਟਿੰਗਾਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਰੀ ਬਹੁਮਤ ਨਾਲ ਅਰਵਿੰਦ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਕਦੀ ਵੰਡ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਦਿਹਾੜੀ ’ਤੇ ਰੈਲੀਆਂ ’ਚ ਲਿਆਉਂਦੀ ਹੈ ਅਤੇ ਬਾਅਦ ’ਚ ਪੈਸੇ ਵੀ ਨਹੀਂ ਦਿੰਦੀ। ਜਦੋਂ ਉਹ 400 ਰੁਪਏ ਦਿਹਾੜੀ ਨਹੀਂ ਦੇ ਰਹੇ ਤਾਂ ਉਹ ਔਰਤਾਂ ਨੂੰ 2500 ਰੁਪਏ ਮਹੀਨਾ ਕਿਵੇਂ ਦੇਣਗੇ। ਭਾਜਪਾ ਅਰਵਿੰਦ ਕੇਜਰੀਵਾਲ ਦੇ ਹਲਕੇ ’ਚ ‘ਆਪ’ ਵਰਕਰਾਂ ’ਤੇ ਹਮਲੇ ਕਰ ਰਹੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਹ ਬੁਰੀ ਤਰ੍ਹਾਂ ਹਾਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਕੋਲ ਦੋ ਬਦਲ ਹਨ- ਇਕ ਪੱਖ ਲੜਾਈਆਂ ਨੂੰ ਸ਼ਹਿ ਦਿੰਦਾ ਹੈ, ਦੂਜਾ ਸਿੱਖਿਆ ਪ੍ਰਦਾਨ ਕਰਦਾ ਹੈ। ਇਕ ਤੁਹਾਡੇ ਬੱਚਿਆਂ ਨੂੰ ਚਾਕੂ ਅਤੇ ਤਲਵਾਰਾਂ ਦੇਵੇਗਾ ਜਦਕਿ ਦੂਜਾ ਉਨ੍ਹਾਂ ਨੂੰ ਪੈੱਨ ਤੇ ਪੈਨਸਿਲ ਦੇਵੇਗਾ। ਦਿੱਲੀ ਵਾਸੀਆਂ ਨੇ ਫ਼ੈਸਲਾ ਕਰ ਲਿਆ ਹੈ ਕਿ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ। ਭਾਜਪਾ ਦੀ ਨਿਰਾਸ਼ਾ ਦਰਸਾਉਂਦੀ ਹੈ ਕਿ ਉਹ ਪਹਿਲਾਂ ਹੀ ਹਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਰੁਜ਼ਗਾਰ ਉਹ ਮੁੱਦੇ ਹਨ, ਜਿਨ੍ਹਾਂ ਉੱਤੇ ਅਸੀਂ ਕੰਮ ਕਰਦੇ ਹਾਂ। ਭਾਜਪਾ ਤੇ ਕਾਂਗਰਸ ਸਿਰਫ਼ ਤੁਹਾਡਾ ਪੈਸਾ ਲੁੱਟਦੀਆਂ ਹਨ ਅਤੇ ਤੁਹਾਡਾ ਭਵਿੱਖ ਬਰਬਾਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ 5 ਫਰਵਰੀ ਨੂੰ ਝਾੜੂ ਦਾ ਬਟਨ ਦਬਾਓ। ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖ਼ਤਮ ਹੋ ਜਾਵੇਗੀ। ਫਿਰ ਪੰਜ ਸਾਲ ਕੰਮ ਕਰਨਾ ਸਾਡੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਝਾੜੂ ਨੂੰ ਵੋਟ ਪਾਉਣ ਦਾ ਫ਼ੈਸਲਾ ਕਰ ਚੁੱਕੇ ਹਨ, ਲੋਕ ਹੋਰ ਬਟਨਾਂ ਵੱਲ ਦੇਖਣਗੇ ਵੀ ਨਹੀਂ। ਪੂਰੀ ਦਿੱਲੀ ਕਹਿ ਰਹੀ ਹੈ ਕਿ ਫਿਰ ਲਿਆਵਾਂਗੇ ਕੇਜਰੀਵਾਲ।