ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ, ਨੌਜਵਾਨਾਂ ਨੂੰ ਲਗਾਤਾਰ ਮਿਲ ਰਹੀਆਂ ਨੌਕਰੀਆਂ
ਜਲੰਧਰ : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵੱਡੇ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਦੇ ਰੁਜ਼ਗਾਰ ਮਿਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਚੰਗੀਆਂ ਨੀਤੀਆਂ ਅਤੇ ਨੇਕ ਉਪਰਾਲਿਆਂ ਤੋਂ ਸੂਬੇ ਦੇ ਨੌਜਵਾਨ ਅਤੇ ਨਾਗਰਿਕ ਬੇਹੱਦ ਖੁਸ਼ ਹਨ। ਪੰਜਾਬ ਸਰਕਾਰ ਹੁਣ ਤੱਕ 45 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਨੌਜਵਾਨਾਂ ਨੂੰ ਦੇ ਚੁੱਕੀ ਹੈ।ਇਸ ਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਹੋਰ ਵੀ ਨੌਕਰੀਆਂ ਦਿੱਤੀਆਂ ਜਾਣਗੀਆਂ। ਨੌਜਵਾਨਾਂ ਦਾ ਕਹਿਣਾ ਹੈ ਕਿ ਪਹਿਲੇ ਸਮੇਂ 'ਚ ਤਾਂ ਨੌਕਰੀਆਂ ਮਿਲਦੀਆਂ ਹੀ ਨਹੀਂ ਸੀ ਪਰ ਹੁਣ ਪੰਜਾਬ ਸਰਕਾਰ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਦੇ ਰਹੀ ਹੈ। ਨੌਕਰੀਆਂ ਪੂਰੇ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਸਾਰੇ ਕਾਨੂੰਨੀ ਦਾਅ-ਪੇਚ ਪੂਰੇ ਕਰਨ ਤੋਂ ਬਾਅਦ ਹੀ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਰਹੀ ਹੈ।ਮੈਰਿਟ ਦੇ ਆਧਾਰ 'ਤੇ ਮਿਲ ਰਹੀਆਂ ਨੌਕਰੀਆਂ ਕਾਰਨ ਜਿੱਥੇ ਨੌਜਵਾਨ ਖੁਸ਼ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਵੀ ਖ਼ੁਸ਼ੀ ਮਨਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਨੇ ਪੂਰਾ ਕਰ ਦਿਖਾਇਆ ਹੈ।