ਚੰਡੀਗੜ੍ਹ : ਗਰਮੀ ਨੇ ਇਸ ਸਮੇਂ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਅਤੇ ਦੁਪਹਿਰ ਵੇਲੇ ਲੂ ਦੇ ਸੇਕ ਕਾਰਨ ਲੋਕ ਝੁਲਸ ਰਹੇ ਹਨ। ਅਗਲੇ 5 ਦਿਨਾਂ ’ਚ ਸ਼ਹਿਰ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਮੌਸਮ ਕੇਂਦਰ ਨੇ 18 ਮਈ ਨੂੰ ਹੀਟ ਵੇਵ (ਲੂ) ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪੀ. ਜੀ. ਆਈ. ਇੰਟਰਨਲ ਮੈਡੀਸਨ ਵਿਭਾਗ ਦੇ ਪ੍ਰੋ. ਸੰਜੇ ਜੈਨ ਮੁਤਾਬਕ ਤਾਪਮਾਨ ਵਧਣ ਕਾਰਨ ਬਜ਼ੁਰਗਾਂ ਤੇ ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਜੋ ਲੋਕ ਬਲੱਡ ਪ੍ਰੈਸ਼ਰ (ਬੀ. ਪੀ.) ਤੇ ਖੂਨ ਨਾਲ ਸਬੰਧਿਤ ਦਵਾਈਆਂ ਲੈ ਰਹੇ ਹਨ ਜਾਂ ਦਿਲ ਦੇ ਮਰੀਜ਼ ਹਨ, ਉਨ੍ਹਾਂ ਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ। ਸਰੀਰ ’ਚ ਨਮਕ ਤੇ ਪਾਣੀ ਦਾ ਧਿਆਨ ਰੱਖਣ ਦੀ ਲੋੜ ਹੈ। ਜੈਨ ਦਾ ਕਹਿਣਾ ਹੈ ਕਿ ਅਜਿਹਾ ਕੋਈ ਮਾਪਦੰਡ ਨਹੀਂ ਹੈ ਕਿ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਪਰ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਤੁਸੀਂ ਕਿੰਨਾ ਪਿਸ਼ਾਬ ਕਰਦੇ ਹੋ, ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਕ ਲੀਟਰ ਪਿਸ਼ਾਬ ਜ਼ਰੂਰ ਨਿਕਲਣਾ ਚਾਹੀਦਾ ਹੈ।
ਗਰਮੀ ਦਾ ਮੌਸਮ ਆਉਂਦੇ ਹੀ ਪੇਟ ਖ਼ਰਾਬ ਹੋਣਾ ਆਮ ਗੱਲ ਹੋ ਜਾਂਦੀ ਹੈ। ਪੀ. ਜੀ. ਆਈ. ਗੈਸਟਰੋਲੋਜਿਸਟ ਡਾ. ਵਿਸ਼ਾਲ ਸ਼ਰਮਾ ਦੇ ਅਨੁਸਾਰ ਇਸ ਮੌਸਮ ’ਚ ਪਾਣੀ ਜ਼ਰੂਰੀ ਚੀਜ਼ ਬਣ ਜਾਂਦਾ ਹੈ। ਇਸ ਨੂੰ ਨਜ਼ਰ-ਅੰਦਾਜ਼ ਨਾ ਕਰੋ ਕਿ ਤੁਸੀਂ ਕਿੰਨਾ ਸਾਫ਼ ਪਾਣੀ ਪੀ ਰਹੇ ਹੋ। ਬਾਹਰ ਖਾਣ ਤੋਂ ਪਰਹੇਜ਼ ਕਰੋ ਅਤੇ ਸਾਫ਼ ਪਾਣੀ ’ਚ ਭੋਜਨ ਪਕਾਓ। ਸਭ ਤੋਂ ਮਹੱਤਵਪੂਰਨ ਹੈ ਕਿ ਭੋਜਨ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਖਾਓ। ਕਈ ਵਾਰ ਜਲਦੀ ’ਚ ਖਾਣਾ ਠੀਕ ਤਰ੍ਹਾਂ ਨਹੀਂ ਪਕਦਾ, ਜੋ ਕਿ ਇਸ ਸੀਜ਼ਨ ’ਚ ਵੱਡੀ ਸਮੱਸਿਆ ਬਣ ਸਕਦਾ ਹੈ। ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਧੁੱਪ ਬਹੁਤ ਤੇਜ਼ ਹੁੰਦੀ ਹੈ, ਇਸ ਲਈ ਜੇਕਰ ਸੰਭਵ ਹੋਵੇ ਤਾਂ ਇਸ ਸਮੇਂ ਬਾਹਰ ਜਾਣ ਤੋਂ ਬਚੋ।
ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਪੱਛਮੀ ਗੜਬੜੀ ਕਈ ਵਾਰ ਸਰਗਰਮ ਹੋਣ ਕਾਰਨ ਤਾਪਮਾਨ ’ਚ ਗਿਰਾਵਟ ਆ ਰਹੀ ਸੀ। ਹਾਲੇ ਅਸੀਂ ਪੂਰਵ ਅਨੁਮਾਨ (ਸੰਭਾਵਨਾ) ਨੂੰ ਦੇਖ ਰਹੇ ਹਾਂ ਆਉਣ ਵਾਲੇ ਪੰਜ ਦਿਨਾਂ ’ਚ ਹੀਟ ਵੇਵ (ਲੂ) ਦੇ ਹਾਲਾਤ ਬਣ ਰਹੇ ਹਨ। ਹੁਣ ਤਾਪਮਾਨ ਲਗਾਤਾਰ ਵਧੇਗਾ। ਵੀਰਵਾਰ ਤੋਂ ਗਰਮ ਹਵਾਵਾਂ ਭਾਵ ਲੂ ਚੱਲਣੀ ਮਹਿਸੂਸ ਕੀਤੀ ਜਾ ਸਕੇਗੀ। 18 ਮਈ ਨੂੰ ਸੀਵੀਅਰ ਹੀਟ ਵੇਵ ਚਲੱਣ ਦੀ ਸੰਭਾਵਨਾ ਹੈ। ਹਾਲਾਂਕਿ 17 ਮਈ ਨੂੰ ਇੱਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਪਰ ਇਸ ਦਾ ਅਸਰ ਉੱਤਰ ਭਾਰਤ ’ਚ ਨਹੀਂ ਪਵੇਗਾ।
ਮੰਗਲਵਾਰ ਨੂੰ ਮੌਸਮ ਸਾਫ਼ ਰਿਹਾ ਤੇ ਦਿਨ ਭਰ ਧੁੱਪ ਖਿੜੀ ਰਹੀ। ਵੱਧ ਤੋਂ ਵੱਧ ਤਾਪਮਾਨ 39.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ 20.9 ਡਿਗਰੀ ਦਰਜ ਕੀਤਾ ਗਿਆ। ਡਾਇਰੈਕਟਰ ਮੁਤਾਬਕ ਹੁਣ ਤੱਕ ਵਿਭਾਗ ਨੇ ਦਿਨ ਦਾ ਤਾਪਮਾਨ ਵਧਣ ਦੀ ਗੱਲ ਕਹੀ ਹੈ ਪਰ ਅਗਲੇ ਕੁਝ ਦਿਨਾਂ ’ਚ ਰਾਤਾਂ ਵੀ ਗਰਮ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਬ੍ਰੈਸਟ ਕੈਂਸਰ ਦੇ ਮਰੀਜ਼ਾਂ ਲ਼ਈ ਖ਼ਾਸ ਖ਼ਬਰ: ਜਾਣੋ ਬਚਾਅ, ਜਾਂਚ ਤੇ ਇਲਾਜ ਦੇ ਤਰੀਕੇ
ਦਿਲਜੀਤ 'ਤੇ ਗਲਤ ਕੁਮੈਂਟ ਕਰਨ ਵਾਲੇ ਨੂੰ ਅਦਨਾਨ ਸਾਮੀ ਨੇ ਦਿੱਤਾ ਤਗੜਾ ਜਵਾਬ
ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 7.75 ਲੱਖ ਰੁਪਏ ਦੀ ਠੱਗੀ, ਕੇਸ ਦਰਜ