ਨਸ਼ਿਆਂ ਖ਼ਿਲਾਫ਼ ਜੰਗ: ਸੂਬੇ ’ਚੋਂ ਨਸ਼ਾ ਖ਼ਤਮ ਕਰ ਦਿਆਂਗੇ: ਬਲਬੀਰ ਸਿੰਘ
.jpg)
ਪਟਿਆਲਾ/ਨਾਭਾ, : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਨੂੰ ਪਿੰਡਾਂ ’ਚ ਲੈ ਕੇ ਪੁੱਜ ਰਹੇ ਹਨ। ਇਸ ਤਹਿਤ ਉਨ੍ਹਾਂ ਅੱਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆਂ ਬਾਰੇ ਨਾਭਾ ਨੇੜਲੇ ਪਿੰਡ ਰੋਹਟੀ ਬਸਤਾ ਵਿੱਚ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸਰਕਾਰ ਨੇ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਬੰਦ ਕਰਵਾ ਦਿੱਤੀ ਹੈ ਅਤੇ ਵਿਰੋਧੀ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਿਆਂ ਦੇ ਮੁੱਦੇ ’ਤੇ ਸਿਆਸਤ ਦੀ ਬਜਾਏ ਸਰਕਾਰ ਨੂੰ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਅਦੇ ਮੁਤਾਬਕ ਪੰਜਾਬ ’ਚ ਨਸ਼ੇ ਵੇਚਣ ਵਾਲਿਆਂ ਦਾ ਲੱਕ ਤੋੜ ਦਿੱਤਾ ਹੈ ਤੇ ਸਰਕਾਰ ਇਸ ਗੱਲੋਂ ਦ੍ਰਿੜ ਹੈ ਕਿ ਨਸ਼ਾ ਤਸਕਰਾਂ ਨੂੰ ਪੰਜਾਬ ਜਾਂ ਨਸ਼ਾ ਤਸਕਰੀ ਵਿਚੋਂ ਇੱਕ ਜ਼ਰੂਰ ਛੱਡਣਾ ਪਵੇਗਾ। ਸਰਕਾਰ ਨੇ ਅਜਿਹੇ ਮੁਕੰਮਲ ਪ੍ਰਬੰਧ ਕੀਤੇ ਹਨ ਕਿ ਜਵਾਨੀ ਨੂੰ ਸੇਧ ਦੇ ਕੇ ਤਰੱਕੀ ਦੇ ਰਾਹ ਤੋਰਿਆ ਜਾਵੇ ਅਤੇ ਨਸ਼ੇ ਦੇ ਆਦੀਆਂ ਦਾ ਇਲਾਜ ਕਰਕੇ ਉਨ੍ਹਾਂ ਦਾ ਹੁਨਰ ਵਿਕਾਸ ਤੇ ਪੁਨਰਵਾਸ ਕੀਤਾ ਜਾਵੇ। ਸਿਹਤ ਮੰਤਰੀ ਨੇ ਕਿਹਾ ਕਿ ਲੋਕ ਹੁਣ ਨਸ਼ਾ ਤਸਕਰਾਂ ਖਿਲਾਫ਼ ਅੱਗੇ ਆਉਣ ਲੱਗੇ ਹਨ ਤੇ ਰਾਜ ’ਚ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਖਤਮ ਹੋ ਗਈ ਹੈ। ਉਨ੍ਹਾਂ ਸਰਪੰਚਾਂ ਪੰਚਾਂ ਤੇ ਕੌਂਸਲਰਾਂ ਸਮੇਤ ਹੋਰ ਲੋਕ ਨੁਮਾਇੰਦਿਆਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿ ਕਿਹਾ ਕਿ ਲੋਕ ਤਸਕਰਾਂ ਨਾਲ ਹਮਦਰਦੀ ਨਾ ਰੱਖਣ ਬਲਕਿ ਪੁਲੀਸ ਜਾਂ ਨਸ਼ਾ ਵਿਰੋਧੀ ਹੈਲਪ ਲਾਈਨ ਨੰਬਰ 9779500200 ’ਤੇ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਏਡੀਸੀ ਅਨੁਪ੍ਰਿਤਾ ਜੌਹਲ, ਐੱਸਡੀਐੱਮ. ਡਾ. ਇਸਮਤ ਵਿਜੇ ਸਿੰਘ, ਡੀਐੱਸਪੀ ਮਨਦੀਪ ਕੌਰ ਤੇ ਸਰਪੰਚ ਗੁਰਧਿਆਨ ਸਿੰਘ ਆਦਿ ਮੌਜੂਦ ਸਨ।
ਸਿਹਤ ਮੰਤਰੀ ਨੇ ਲਚਕਾਣੀ ਦੀ ਸੜਕ ਦਾ ਨੀਂਹ ਪੱਥਰ ਰੱਖਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਲਚਕਾਣੀ (ਪਟਿਆਲਾ-ਭਾਦਸੋਂ ਰੋਡ ਤੋਂ ਲਚਕਾਣੀ ਤੱਕ) ਦੀ 1.7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ 3.05 ਕਿਲੋਮੀਟਰ ਲੰਮੀ ਇਸ ਸੜਕ ਦਾ ਪਿੰਡ ਜੱਸੋਵਾਲ, ਸਿਊਣਾ, ਲੰਗ, ਰੌਗੰਲਾ, ਚਲੈਲਾ, ਅਮਾਮਪੁਰਾ ਤੇ ਫੱਗਣਮਾਜਰਾ ਦੇ ਵਸਨੀਕਾਂ ਤੋਂ ਇਲਾਵਾ ਭਾਦਸੋਂ ਰੋਡ ਤੋਂ ਸਰਹਿੰਦ ਰੋਡ ਜਾਣ ਵਾਲਿਆਂ ਨੂੰ ਵੀ ਵੱਡਾ ਲਾਭ ਹੋਵੇਗਾ। ਇਸ ਸੜਕ ਦੀ 5 ਸਾਲ ਸਾਂਭ-ਸੰਭਾਲ ਵੀ ਬਣਾਉਣ ਵਾਲੇ ਠੇਕੇਦਾਰ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਅਧਿਕਾਰੀਆਂ ਨਾਲ ਪਟਿਆਲਾ ਤੋਂ ਨਾਭਾ ਸੜਕ ਨਾਲ ਜਾਂਦੀ ਪੱਟੀ ਦਾ ਦੌਰਾ ਕਰਦਿਆਂ ਵਣ ਰੇਂਜ ਅਫ਼ਸਰ ਵਿਦਿਆ ਸਾਗਰੀ ਨੂੰ ਹਦਾਇਤ ਕੀਤੀ ਕਿ ਸਾਰੀ ਸੜਕ ਦੇ ਨਾਲ-ਨਾਲ 15 ਹਜ਼ਾਰ ਦੇ ਕਰੀਬ ਅੰਬ, ਜਾਮਣ, ਆਮਲਾ, ਬਿੱਲ, ਜੰਡ, ਢੱਕ, ਪਲਾਸ, ਬੇਰੀਆਂ ਤੇ ਟਾਹਲੀ ਵਰਗੇ ਰਵਾਇਤੀ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਜਿਥੇ ਪਿੰਡ ਆਉਂਦੇ ਹਨ, ਉਥੇ ਛੋਟੇ ਛੋਟੇ ਪਾਰਕ ਵਿਕਸਤ ਕੀਤੇ ਜਾਣ ਤਾਂ ਜੋ ਪਿੰਡ ਵਾਸੀ ਸਵੇਰੇ-ਸ਼ਾਮ ਸੈਰ ਕਰ ਸਕਣ। ਸਿਹਤ ਮੰਤਰੀ ਨੇ ਪਿੰਡ ਹਿਆਣਾ ਕਲਾਂ ਵਿੱਚ ਬੰਜਰ ਪਈ 200 ਬਿੱਘੇ ਜ਼ਮੀਨ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਥੇ ਕੁਝ ਖੇਤਰ ’ਚ ਵੇਟ ਲੈਂਡ ਬਣਾਈ ਜਾਵੇਗੀ ਅਤੇ ਢਾਈ ਸੌ ਏਕੜ ਜ਼ਮੀਨ ਨੂੰ ਇਥੋਂ ਡਰਿੱਪ ਇਰੀਗੇਸ਼ਨ ਨਾਲ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਘਮਰੌਦਾ ਦੇ ਟੋਭੇ ਨੂੰ ਸੈਰਗਾਹ ਵਜੋਂ ਵਿਕਸਤ ਕਰਕੇ ਪਾਣੀ ਦੀ ਵਰਤੋਂ ਸਿੰਜਾਈ ਲਈ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਪਿੰਡ ਰੋਹਟੀ ਖਾਸ ਵਿੱਚ ਬਣੇ ਵਾਤਾਵਰਣ ਪਾਰਕ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐੱਸਡੀਐੱਮ ਡਾ. ਇਸਮਤ ਵਿਜੈ ਸਿੰਘ, ਮੰਡੀ ਬੋਰਡ ਦੇ ਐਕਸੀਅਨ ਅੰਮ੍ਰਿਤਪਾਲ ਸਿੰਘ ਤੇ ਐੱਸਡੀਓ ਸਤਨਾਮ ਸਿੰਘ ਆਦਿ ਮੌਜੂਦ ਸਨ।
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਸਿਖਰਲੀ ਅਦਾਲਤ ਚਾਹੁੰਦੀ ਹੈ ਕਿ ਰੱਖਿਆ ਬਲਾਂ 'ਚ ਅਜਿਹੇ ‘ਬਹਾਦਰ ਕੈਡਿਟ’ ਹੋਣ ਜਿਨ੍ਹਾਂ ਦੇ ਬਹਾਦਰੀ ਦੇ ਜਜ਼ਬੇ ਦੇ ਰਾਹ ਵਿਚ ਸਿਖਲਾਈ ਦੌਰਾਨ ਲੱਗਣ ਵਾਲੀਆਂ ਸੱਟਾਂ ਜਾਂ ਅਪਾਹਜਤ ਵੀ ਅੜਿੱਕਾ ਨਾ ਬਣ ਸਕਣ। ਇਸ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਦਿੱਤੀ ਕਿ ਅਜਿਹੇ ਸੰਕਟਾਂ ਲਈ ਉਨ੍ਹਾਂ ਨੂੰ ਬੀਮਾ ਕਵਰ ਪ੍ਰਦਾਨ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇ।
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਪਿੰਡ ਰਾਣਾ ਕਲਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਨਸ਼ਾ ਤਸਕਰਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਤੇ ਉਸਦੇ ਸਾਥੀਆਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮਚ ਗਈ।
ਮਹਾਰਾਸ਼ਟਰ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਇਲੈਕਟ੍ਰਿਕ ਚਾਰ-ਪਹੀਆ ਵਾਹਨਾਂ ਅਤੇ ਇਲੈਕਟ੍ਰਿਕ ਬੱਸਾਂ ਨੂੰ ਹੁਣ ਭਾਰਤ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ, ਅਟਲ ਸੇਤੂ (ਪਹਿਲਾਂ ਮੁੰਬਈ ਟ੍ਰਾਂਸ ਹਾਰਬਰ ਲਿੰਕ - ਐਮਟੀਐਚਐਲ) 'ਤੇ ਟੋਲ ਨਹੀਂ ਦੇਣਾ ਪਵੇਗਾ।