ਹਾਕੀ: ਪੰਜ ਮੈਚਾਂ ਦੀ ਲੜੀ ਲਈ ਭਾਰਤੀ ਪੁਰਸ਼ ਟੀਮ ਆਸਟਰੇਲੀਆ ਰਵਾਨਾ
ਭਾਰਤੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੀ ਤਿਆਰੀ ਲਈ 6 ਅਪਰੈਲ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਵਾਸਤੇ ਆਸਟਰੇਲੀਆ ਰਵਾਨਾ ਹੋ ਗਈ ਹੈ। ਭਾਰਤੀ ਟੀਮ ਨੇ ਹਾਲ ਹੀ ਵਿੱਚ ਭੁਬਨੇਸ਼ਵਰ ਵਿੱਚ ਐੱਫਾਈਐੱਚ ਪ੍ਰੋ ਲੀਗ ਦੇ ਚਾਰ ’ਚੋਂ ਤਿੰਨ ਮੈਚ ਜਿੱਤੇ ਸਨ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ 6 ਅਪਰੈਲ ਨੂੰ ਪਹਿਲੇ ਮੈਚ ਤੋਂ ਬਾਅਦ 7, 10, 12 ਅਤੇ 13 ਅਪਰੈਲ ਨੂੰ ਮੈਚ ਖੇਡੇਗੀ। ਹਰਮਨਪ੍ਰੀਤ ਨੇ ਰਵਾਨਗੀ ਹੋਣ ਤੋਂ ਪਹਿਲਾਂ ਕਿਹਾ, “ਅਸੀਂ ਇਸ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਨਾਲ ਸਾਨੂੰ ਓਲੰਪਿਕ ਤੋਂ ਪਹਿਲਾਂ ਆਪਣੀ ਤਾਕਤ ਅਤੇ ਕਮਜ਼ੋਰੀਆਂ ਬਾਰੇ ਪਤਾ ਲੱਗੇਗਾ ਅਤੇ ਇਸ ਵਿੱਚ ਸੁਧਾਰ ਕਰਨ ਦਾ ਮੌਕਾ ਵੀ ਮਿਲੇਗਾ।’’ ਉਪ ਕਪਤਾਨ ਹਾਰਦਿਕ ਸਿੰਘ ਨੇ ਕਿਹਾ, “ਅਸੀਂ ਆਪਣੇ ਹੁਨਰ ਅਤੇ ਰਣਨੀਤੀ ਸੁਧਾਰਨ ਲਈ ਟੀਮ ਦੇ ਰੂਪ ਵਿੱਚ ਸਖ਼ਤ ਮਿਹਨਤ ਕਰ ਰਹੇ ਹਾਂ ਤੇ ਸਾਨੂੰ ਆਪਣੀ ਕਾਬਲੀਅਤ ’ਤੇ ਪੂਰਾ ਭਰੋਸਾ ਹੈ।’’ ਰਵਾਨਾ ਹੋਈ ਟੀਮ ਵਿੱਚ ਕ੍ਰਿਸ਼ਨ ਬਹਾਦਰ ਪਾਠਕ, ਪੀਆਰ ਸ੍ਰੀਜੇਸ਼, ਸੂਰਜ ਕਰਕੇਰਾ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਗੁਰਜੰਟ ਸਿੰਘ, ਬੌਬੀ ਸਿੰਘ ਧਾਮੀ, ਅਰਿਜੀਤ ਸਿੰਘ ਤੇ ਹੋਰ ਸ਼ਾਮਲ ਹਨ।