ਟ੍ਰਾਈਸਿਟੀ 'ਚ ਟਲੀ ਵੱਡੀ ਵਾਰਦਾਤ, ਡੀ. ਜੀ. ਪੀ. ਨੇ ਖੁਦ ਕੀਤਾ ਖ਼ੁਲਾਸਾ
ਚੰਡੀਗੜ੍ਹ/ਐੱਸਏਐੱਸ : ਇਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਐੱਸ. ਏ. ਐੱਸ. ਨਗਰ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ .32 ਬੋਰ ਦੇ ਦੋ ਪਿਸਤੌਲਾਂ ਸਮੇਤ ਸੱਤ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਐੱਸ.ਏ.ਐੱਸ. ਨਗਰ ਦੇ ਪਿੰਡ ਮਹਿਮਦਪੁਰ ਦੇ ਵਸਨੀਕ ਹਰਿੰਦਰ ਸਿੰਘ ਅਤੇ ਐੱਸ.ਏ.ਐੱਸ. ਨਗਰ ਦੇ ਵਰਾਣਾ ਦੇ ਵਾਸੀ ਗੁਰਜਿੰਦਰ ਸਿੰਘ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਮਰੀਕਾ ਅਧਾਰਤ ਕੁਲਵੀਰ ਸਿੰਘ ਉਰਫ਼ ਲਾਲਾ ਬੈਨੀਪਾਲ, ਜੋ ਕਿ ਵਿਦੇਸ਼ੀ ਮੂਲ ਦੇ ਗੈਂਗਸਟਰ ਲੱਕੀ ਪਟਿਆਲ ਦਾ ਸਾਥੀ ਹੈ, ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਦੋਸ਼ੀ ਲਾਲਾ ਬੈਨੀਪਾਲ ਨੇ ਇਸ ਤੋਂ ਪਹਿਲਾਂ ਐੱਸ.ਏ.ਐੱਸ. ਨਗਰ ਵਿਚ ਦੋ ਵੱਖ-ਵੱਖ ਹਮਲਿਆਂ ਦੀ ਸਾਜ਼ਿਸ਼ ਰਚੀ ਸੀ, ਜਿਸ ਵਿਚ ਸਤੰਬਰ 2023 ਵਿਚ ਫਾਈਨਾਂਸਰ ਅਤੇ ਦਸੰਬਰ 2023 ਵਿਚ ਵਿਰੋਧੀ ਗਰੋਹ ਦੇ ਮੈਂਬਰ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਸੀ। ਡੀ. ਜੀ. ਪੀ. ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮਾਂ ਨੂੰ ਟ੍ਰਾਈਸਿਟੀ ਖੇਤਰ ਵਿਚ ਕਈ ਅਪਰਾਧਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਏ.ਐੱਸ.ਨਗਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਸ (ਐੱਸਐੱਸਪੀ) ਦੀਪਕ ਪਾਰੀਕ ਨੇ ਦੱਸਿਆ ਕਿ ਪੁਲਸ ਟੀਮਾਂ ਨੂੰ ਭਰੋਸੇਮੰਦ ਸੂਚਨਾ ਮਿਲੀ ਸੀ ਕਿ ਲਾਲਾ ਬੈਨੀਪਾਲ ਨੇ ਆਪਣੇ ਗਰੋਹ ਦੇ ਮੈਂਬਰਾਂ ਨੂੰ ਟ੍ਰਾਈਸਿਟੀ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਏਜੀਟੀਐੱਫ ਅਤੇ ਐੱਸਏਐੱਸ ਨਗਰ ਪੁਲਸ ਦੀਆਂ ਸਾਂਝੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਟਰੇਸ ਕਰਕੇ ਫੋਕਲ ਪੁਆਇੰਟ, ਮੁਬਾਰਕਪੁਰ ਦੇ ਨੇੜਿਓਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਿੰਦਰ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਨਾਲ ਸਬੰਧਤ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੋਰ ਸਾਥੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐੱਸ.ਏ.ਐੱਸ.ਨਗਰ ਥਾਣਾ ਡੇਰਾਬਸੀ ਵਿਖੇ ਭਾਰਤੀ ਨਿਆ ਸੰਹਿਤਾ (ਬੀਐੱਨਐੱਸ) ਦੀ ਧਾਰਾ 111 ਅਤੇ ਅਸਲਾ ਐਕਟ ਦੀ ਧਾਰਾ 25(6)(7) ਅਤੇ 27 ਤਹਿਤ ਐੱਫਆਈਆਰ ਨੰਬਰ 354 ਮਿਤੀ 25/11/2024 ਅਧੀਨ ਕੇਸ ਦਰਜ ਕੀਤਾ ਹੈ।