ਪੀ.ਆਰ.ਟੀ.ਸੀ. ਦੀਆਂ 100 ਮਿੰਨੀ ਬੱਸਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਚੱਲਣਗੀਆਂ
ਪੰਜਾਬ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਲੋਕਾਂ ਦੀ ਆਵਾਜਾਈ ਸੁਵਿਧਾ ਵਿੱਚ ਸੁਧਾਰ ਲਈ ਵੱਡਾ ਫੈਸਲਾ ਲਿਆ ਗਿਆ ਹੈ। ਚੇਅਰਮੈਨ ਡਾ. ਰਣਜੋਧ ਸਿੰਘ ਹਡਾਣਾ ਨੇ ਮਹਿਕਮੇ ਦੇ ਮੁੱਖ ਦਫਤਰ ਪਟਿਆਲਾ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਜਲਦ ਹੀ 100 ਮਿੰਨੀ ਬੱਸਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਾਈਆਂ ਜਾਣਗੀਆਂ, ਜਿਸ ਨਾਲ ਪਿੰਡ-ਸ਼ਹਿਰ ਕਨੈਕਟਿਵਟੀ ਮਜ਼ਬੂਤ ਹੋਵੇਗੀ ਅਤੇ ਲੋਕਾਂ ਨੂੰ ਬਿਹਤਰ ਸਫ਼ਰ ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਇਸ ਮੌਕੇ ਜੀ ਐਮ ਜਤਿੰਦਰਪਾਲ ਸਿੰਘ ਗਰੇਵਾਲ, ਜੀ ਐਮ ਐਮ ਪੀ ਸਿੰਘ, ਜੀ ਐਮ ਮਨਿੰਦਰਪਾਲ ਸਿੰਘ ਸਿੱਧੂ, ਜੀ ਐਮ ਪ੍ਰਵੀਨ ਕੁਮਾਰ, ਜੀ ਐਮ ਰਮਨ ਕੁਮਾਰ, ਜੀ ਐਮ ਅਮਨਵੀਰ ਟਿਵਾਣਾ, ਟਰੈਫਿਕ ਮੈਨੇਜਰ ਕਮ ਜੀ ਐਮ ਸੀਤਾ ਰਾਮ, ਜੀ ਐਮ ਪ੍ਰਵੀਨ ਕੁਮਾਰ ਮੌਜੂਦ ਰਹੇ.
ਡਾ ਹਡਾਣਾ ਨੇ ਕਿਹਾ ਕਿ ਮਿੰਨੀ ਬੱਸਾਂ ਖ਼ਾਸ ਤੌਰ 'ਤੇ ਉਹਨਾਂ ਇਲਾਕਿਆਂ ਲਈ ਲਿਆਂਦੀਆਂ ਜਾ ਰਹੀਆਂ ਹਨ ਜਿੱਥੇ ਵੱਡੀਆਂ ਬੱਸਾਂ ਦੀ ਆਵਾਜਾਈ ਸੰਭਵ ਨਹੀਂ ਹੁੰਦੀ ਜਾਂ ਜਿੱਥੇ ਸਵਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਵੱਡੀਆਂ ਬੱਸਾਂ ਚਲਾਉਣਾ ਆਰਥਿਕ ਤੌਰ 'ਤੇ ਉਚਿਤ ਨਹੀਂ। ਇਹ ਬੱਸਾਂ ਪਿੰਡਾਂ ਨੂੰ ਨੇੜਲੇ ਸ਼ਹਿਰਾਂ ਅਤੇ ਮਾਰਕੀਟਾਂ ਨਾਲ ਜੋੜਣ ਵਿੱਚ ਮੁੱਖ ਭੂਮਿਕਾ ਨਿਭਾਉਣਗੀਆਂ।
ਡਾ. ਹਡਾਣਾ ਨੇ ਦੱਸਿਆ ਕਿ ਇਹ ਸਾਰੀ ਮਿੰਨੀ ਬੱਸ ਸੇਵਾ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗੀ ਅਤੇ ਯਾਤਰੀਆਂ ਦੀ ਸੁਖ-ਸੁਵਿਧਾ ਦਾ ਖਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਨੇ ਹਮੇਸ਼ਾਂ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਪਹਿਲ ਦੇ ਕੇ ਨਵੇਂ ਪ੍ਰੋਜੈਕਟ ਲਾਗੂ ਕੀਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੁਚੱਜੇ ਅਤੇ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰਦੇ ਹੋਏ ਮਹਿਕਮੇ ਦਾ ਪੱਧਰ ਹੋਰ ਉੱਚਾ ਕਰਨ। ਖ਼ਾਸ ਤੌਰ 'ਤੇ, ਬੱਸਾਂ ਦੀ ਸਫ਼ਾਈ, ਸਮੇਂ ਦੀ ਪਾਬੰਦੀ ਅਤੇ ਸਟਾਫ਼ ਦਾ ਵਿਵਹਾਰ ਯਾਤਰੀਆਂ ਲਈ ਸੰਤੁਸ਼ਟੀਜਨਕ ਹੋਣਾ ਚਾਹੀਦਾ ਹੈ।
ਚੇਅਰਮੈਨ ਡਾ. ਹਡਾਣਾ ਨੇ ਕਿਹਾ ਕਿ ਨਵੀਂ ਮਿੰਨੀ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਪਿੰਡਾਂ ਵਿੱਚ ਪਬਲਿਕ ਟ੍ਰਾਂਸਪੋਰਟ ਦਾ ਪੱਧਰ ਬੇਹਤਰੀ ਵੱਲ ਵਧੇਗਾ। ਇਸ ਨਾਲ ਨਾ ਸਿਰਫ਼ ਵਿਦਿਆਰਥੀਆਂ, ਮਜ਼ਦੂਰਾਂ ਅਤੇ ਦਿਨ-ਬ-ਦਿਨ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ, ਸਗੋਂ ਪ੍ਰਾਈਵੇਟ ਵਾਹਨਾਂ ਉੱਤੇ ਨਿਰਭਰਤਾ ਘਟਣ ਨਾਲ ਟ੍ਰੈਫ਼ਿਕ ਅਤੇ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਭਵਿੱਖ ਵਿੱਚ ਹੋਰ ਵੀ ਅਜਿਹੇ ਕਦਮ ਚੁੱਕੇ ਜਾਣਗੇ ਜੋ ਸਰਕਾਰੀ ਬੱਸ ਸੇਵਾ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਲੋਕ-ਕੇਂਦਰਿਤ ਬਣਾਉਣਗੇ। ਇਸ ਦੌਰਾਨ, ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰੀ ਬੱਸ ਸੇਵਾਵਾਂ ਦਾ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਮਹਿਕਮੇ ਨੂੰ ਆਪਣੇ ਸੁਝਾਅ ਦੇ ਕੇ ਹੋਰ ਸੁਧਾਰਾਂ ਵਿੱਚ ਸਾਂਝ ਪਾਉਣ।