
ਭਾਰਤੀ ਬੈਡਮਿੰਟਨ ਖਿਡਾਰੀਆਂ ਦੀਆਂ ਨਜ਼ਰਾਂ ਸੈਸ਼ਨ ਦੀ ਚੰਗੀ ਸ਼ੁਰੂਆਤ ’ਤੇ
- Sports
- January 10, 2023
- No Comment
- 30
ਸੱਟ ਦੇ ਕਾਰਨ 5 ਮਹੀਨਿਆਂ ਬਾਅਦ ਪਰਤ ਰਹੀ ਪੀ. ਵੀ. ਸਿੰਧੂ ਤੋਂ ਇਲਾਵਾ ਐੱਸ. ਐੱਸ. ਪ੍ਰਣਯ ਤੇ ਲਕਸ਼ੈ ਸੇਨ ਵਰਗੇ ਚੋਟੀ ਦੇ ਖਿਡਾਰੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਓਪਨ ਵਿਚ ਜਿੱਤ ਦੇ ਨਾਲ ਸੈਸ਼ਨ ਦਾ ਆਗਾਜ਼ ਕਰਨਾ ਚਾਹੁਣਗੇ। ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਭਾਰਤੀ ਖਿਡਾਰੀਆਂ ਨੇ ਉਮੀਦਾਂ ਜਗਾਈਆਂ ਹਨ।
ਪੈਰਿਸ ਓਲੰਪਿਕ 2024 ਲਈ ਕੁਆਲੀਫਿਕੇਸ਼ਨ ਵੀ ਮਈ ਵਿਚ ਸ਼ੁਰੂ ਹੋ ਰਿਹਾ ਹੈ। ਭਾਰਤੀ ਖਿਡਾਰੀਆਂ ਦਾ ਸਾਹਮਣਾ 1,250,000 ਡਾਲਰ ਦੀ ਇਨਾਮੀ ਰਾਸ਼ੀ ਦੇ ਸੁਪਰ 1000 ਟੂਰਨਾਮੈਂਟ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੇਲਸੇਨ, ਮਲੇਸ਼ੀਆ ਦੇ ਲੀ ਜਿ ਜਿਆ, ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਗਿੱਟੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਹੈ। ਉਹ ਪਹਿਲੇ ਦੌਰ ਵਿਚ ਸਪੇਨ ਦੀ ਸਾਬਕਾ ਵਿਸ਼ਵ ਚੈਂਪੀਅਨ ਕੈਰੋਲਿਨਾ ਮਾਰਿਨ ਨਾਲ ਭਿੜੇਗੀ। ਸਿੰਧੂ ਨੇ ਆਖਰੀ ਮੈਚ ਅਗਸਤ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਖੇਡਿਆ ਸੀ। ਮਾਰਿਨ ਦਾ ਸਿੰਧੂ ਵਿਰੁੱਧ ਰਿਕਾਰਡ 9-5 ਦਾ ਰਿਹਾ ਹੈ।ਪੁਰਸ਼ ਸਿੰਗਲਜ਼ ਵਿਚ ਦੁਨੀਆ ਦਾ 10ਵੇਂ ਨੰਬਰ ਦਾ ਖਿਡਾਰੀ ਸੇਨ ਪਹਿਲੇ ਦੌਰ ਵਿਚ ਦੁਨੀਆ ਦੇ 8ਵੇਂ ਨੰਬਰ ਦੇ ਖਿਡਾਰੀ ਭਾਰਤ ਦੇ ਹੀ ਪ੍ਰਣਯ ਨਾਲ ਭਿੜੇਗਾ। ਉੱਥੇ ਹੀ ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਸਾਹਮਣਾ ਪਹਿਲੇ ਮੈਚ ਵਿਚ ਜਾਪਾਨ ਦੇ ਗੈਰ ਦਰਜਾ ਪ੍ਰਾਪਤ ਕੇਂਤਾ ਨਿਸ਼ਿਮੋਤੋ ਨਾਲ ਹੋਵੇਗਾ। ਇਸ ਵਿਚ ਜਿੱਤਣ ’ਤੇ ਉਸਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਜੋਨਾਥਨ ਕ੍ਰਿਸਟੀ ਨਾਲ ਹੋ ਸਕਦਾ ਹੈ। ਪੁਰਸ਼ ਡਬਲਜ਼ ਵਿਚ ਦੁਨੀਆ ਦੀ ਪੰਜਵੇਂ ਨੰਬਰ ਦੀ ਜੋੜੀ ਸਾਤਵਿਕ ਸਾਈਂਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਪਹਿਲੇ ਦੌਰ ਵਿਚ ਦੱਖਣੀ ਕੋਰੀਆ ਦੇ ਚੋਈ ਸੋਲ ਯੂ ਤੇ ਕਿਮ ਵਾਨ ਹੋ ਨਾਲ ਹੋਵੇਗਾ।