
ਭਗਵੰਤ ਮਾਨ ਦਾ ਵੀਆਈਪੀ ਸਹੁੰ ਚੁੱਕ ਸਮਾਗਮ, 4000 ਪੁਲਿਸ ਮੁਲਾਜ਼ਮ ਤਾਇਨਾਤ, ਟ੍ਰੈਫਿਕ ਵੀ ਹੋਏਗੀ ਪ੍ਰਭਾਵਿਤ
- Punjab
- March 14, 2022
- No Comment
- 55
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਵੀਆਈਪੀ ਕਲਚਰ ਦੀ ਝਲਕ ਨਜ਼ਰ ਆਏਗੀ। ਭਗਵੰਤ ਮਾਨ 16 ਮਾਰਚ ਨੂੰ ਖੜਕੜ ਕਲਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਰਹੇ ਹਨ। ਬੇਸ਼ੱਕ ਆਮ ਆਦਮੀ ਪਾਰਟੀ ਦੀ ਇਹ ਨਵੀਂ ਪਹਿਲ ਹੈ ਕਿ ਉਹ ਚੰਡੀਗੜ੍ਹ ਦੀ ਥਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਅਹੁਦੇ ਦੀ ਸਹੁੰ ਚੁੱਕ ਰਹੇ ਹਨ ਪਰ ਮਹਿੰਗੇ ਸਮਾਗਮ ਕਰਕੇ ਅਲੋਚਨਾ ਵੀ ਸਹਿਣੀ ਪੈ ਰਹੀ ਹੈ।
ਦੱਸ ਦਈਏ ਕਿ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ। ਇਸ ਲਈ ਸਥਾਨਕ ਪ੍ਰਸ਼ਾਸਨ ਦੇ ਲੋਕ ਦਿਨ-ਰਾਤ ਲੱਗੇ ਹੋਏ ਹਨ। ਸਮਾਗਮ ਲਈ ਤਿੰਨ ਪੜਾਅ ਬਣਾਏ ਜਾਣਗੇ। ਪਹਿਲੀ ਸਟੇਜ ‘ਚ ਸੀਐਮ ਤੇ ਰਾਜਪਾਲ ਹੋਣਗੇ। ਇੱਕ ਸਟੇਜ ‘ਤੇ ਐਮਐਲਏ ਤੇ ਇੱਕ ‘ਤੇ ਵੀਵੀਆਈਪੀ ਲੋਕ ਹੋਣਗੇ।
ਇਸ ਸਮਾਗਮ ਲਈ 4000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਈਆਈਪੀ ਤੇ ਵੀਵੀਆਈਪੀ ਲਈ ਦੋ ਲਾਲ ਤੇ ਨੀਲੇ ਰੰਗ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਆਦਰਸ਼ ਸਕੂਲ ਅੰਦਰ ਹੈਲੀਪੈਡ ਤਿਆਰ ਕੀਤਾ ਗਿਆ ਹੈ। ਇਸ ਸਮਾਗਮ ਉੱਪਰ ਕਾਫੀ ਪੈਸਾ ਖਰਚਿਆ ਜਾ ਰਿਹਾ ਹੈ। ਅਲੋਚਨਾ ਹੋ ਰਹੀ ਹੈ ਕਿ ਭ8ਗਵੰਤ ਮਾਨ ਸਾਦੇ ਸਮਾਗਮ ਵਿੱਚ ਸਹੁੰ ਚੁੱਕ ਕੇ ਨਵੀਂ ਮਿਸਾਲ ਪੇਸ਼ ਕਰ ਸਕਦੇ ਸੀ।
ਇਹ ਵੀ ਅਹਿਮ ਗੱਲ ਹੈ ਕਿ ਇਸ ਦਿਨ ਰੋਪੜ ਜਲੰਧਰ ਰੋਡ ਬੰਦ ਰਹੇਗਾ। ਚੰਡੀਗੜ੍ਹ ਤੋਂ ਜਲੰਧਰ ਜਾਣ ਵਾਲੀ ਟ੍ਰੈਫਿਕ ਨੂੰ ਬਲਾਚੌਰ ਤੋਂ ਨਵਾਂ ਸ਼ਹਿਰ ਭੇਜਿਆ ਜਾਵੇਗਾ ਤੇ ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਨੂੰ ਜਲੰਧਰ ਤੋਂ ਲੁਧਿਆਣਾ ਤੇ ਫਤਿਹਗੜ੍ਹ ਦੇ ਰਸਤੇ ਭੇਜਿਆ ਜਾਵੇਗਾ। ਇਸ ਨਾਲ ਲੋਕਾਂ ਦੀ ਖੱਜਲ-ਖੁਆਰੀ ਵੀ ਹੋਏਗੀ।