
36 ਘੰਟਿਆਂ ਤੋਂ ਵੱਧ ਸਮੇਂ ਤੋਂ ਹਨੇਰੇ ‘ਚ ਡੁੱਬੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ, ਬਿਜਲੀ ਬਹਾਲ ਕਰਨ ਪਹੁੰਚੀ ਆਰਮੀ
- Punjab
- February 23, 2022
- No Comment
- 89
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 36 ਘੰਟਿਆਂ ਤੋਂ ਹਨੇਰੇ ‘ਚ ਡੁੱਬੀ ਹੋਈ ਹੈ। ਸੋਮਵਾਰ ਰਾਤ 12 ਵਜੇ ਤੋਂ ਸ਼ਹਿਰ ‘ਚ ਬਿਜਲੀ ਦਾ ਸੰਕਟ ਜਾਰੀ ਹੈ। ਹਾਲਾਤ ਇਹ ਹਨ ਕਿ ਲੋਕਾਂ ਦੇ ਘਰਾਂ ‘ਚ ਲੱਗੇ ਇਨਵਰਟਰ ਜਵਾਬ ਦੇ ਗਏ ਹਨ। ਮੋਬਾਈਲਾਂ ਦੀਆਂ ਬੈਟਰੀਆਂ ਖ਼ਤਮ ਹੋਣ ਲੱਗੀਆਂ ਹਨ ਹੈ ਜਿਸ ਕਾਰਨ ਲੋਕ ਪਰੇਸ਼ਾਨ ਹਨ। ਐਸਮਾ ਲਾਗੂ ਹੋਣ ਦੇ ਬਾਵਜੂਦ ਬਿਜਲੀ ਕਾਮੇ ਹੜਤਾਲ ਖ਼ਤਮ ਕਰਨ ਲਈ ਤਿਆਰ ਨਹੀਂ ਹਨ।
ਅਜਿਹੇ ‘ਚ ਚੰਡੀਗੜ੍ਹ ਪ੍ਰਸ਼ਾਸਨ ਨੇ ਫੌਜ ਤੋਂ ਮਦਦ ਮੰਗੀ ਸੀ। ਮਿਲਟਰੀ ਇੰਜਨੀਅਰਿੰਗ ਸਰਵਿਸ ਦੀ ਟੀਮ ਪੱਛਮੀ ਕਮਾਂਡ ਚੰਡੀਮੰਦਰ ਤੋਂ ਚੰਡੀਗੜ੍ਹ ਪਹੁੰਚ ਗਈ ਹੈ। ਇਹ ਤਕਨੀਕੀ ਟੀਮ ਬਿਜਲੀ ਸਪਲਾਈ ਦਾ ਕੰਮ ਕਰ ਰਹੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ ‘ਚ ਕਾਫੀ ਸਮਾਂ ਲੱਗੇਗਾ। ਦੂਜੇ ਪਾਸੇ ਇਸ ਦੇ ਵਿਰੋਧ ‘ਚ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਕੁਝ ਸਮੇਂ ਬਾਅਦ ਬੱਸਾਂ ਦਾ ਚੱਕਾ ਜਾਮ ਕਰਨ ਜਾ ਰਹੀ ਹੈ।
ਇਸ ਮਾਮਲੇ ਦਾ ਨੋਟਿਸ ਲੈਂਦਿਆਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਿਜਲੀ ਵਿਭਾਗ ਦੇ ਮੁੱਖ ਇੰਜੀਨੀਅਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਪ੍ਰਸ਼ਾਸਨ ਹਾਈ ਕੋਰਟ ਨੂੰ ਦੋ ਵਜੇ ਦੱਸੇਗਾ ਕਿ ਬਿਜਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀ ਕਦਮ ਚੁੱਕੇ ਗਏ ਹਨ। ਹਾਈਕੋਰਟ ਨੇ ਮਾਮਲੇ ‘ਚ ਲਏ ਗਏ ਨੋਟਿਸ ‘ਤੇ ਲੰਬੀ ਬਹਿਸ ਤੋਂ ਬਾਅਦ ਸੁਣਵਾਈ ਦੁਪਹਿਰ 2 ਵਜੇ ਤਕ ਮੁਲਤਵੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਬਿਜਲੀ ਕਰਮਚਾਰੀ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਹੋਈ ਸੀ ਪਰ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ।