
ਸੁਖਜਿੰਦਰ ਰੰਧਾਵਾ ਦਾ ਅਰਵਿੰਦ ਕੇਜਰੀਵਾਲ ’ਤੇ ਵੱਡਾ ਹਮਲਾ
- Punjab
- February 16, 2022
- No Comment
- 47
ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਕਟਹਿਰੇ ਵਿੱਚ ਖੜ੍ਹੇ ਕਰਦਿਆਂ ਉਸ ਦੀ ਪਾਰਟੀ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ, ਕਿਸਾਨਾਂ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਦੁਸ਼ਮਣ ਪਾਰਟੀ ਦੱਸਿਆ। ਰੰਧਾਵਾ ਨੇ ਆਖਿਆ ਕਿ ਪੰਜਾਬ ਵਿੱਚ ਧਾੜਵੀ ਗੈਂਗ ਵਾਂਗ ਵਿਚਰ ਰਹੇ ਦਿੱਲੀ ਦੇ ਆਪ ਆਗੂਆਂ ਨੇ ਹੁਣ ਤੱਕ ਪੰਜਾਬ ਚੋਣਾਂ ਵਿੱਚ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਕਿਸਾਨਾਂ ਦੀ ਪਰਾਲੀ ਦੇ ਧੂੰਏਂ ਬਾਰੇ ਆਪਣੇ ਪੁਰਾਣੇ ਸਟੈਂਡ ਉਤੇ ਚੁੱਪੀ ਧਾਰੀ ਹੈ, ਜੋ ਬਹੁਤ ਖ਼ਤਰਨਾਕ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਪਹਿਲਾ ਹੀ ਦਿੱਲੀ ਤੇ ਹਰਿਆਣਾ ਦਾ ਹਿੱਸਾ ਕਹਿ ਕੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਜਾ ਚੁੱਕਾ ਹੈ। ਇਸ ਲਈ ਅਸੀਂ ਮੰਗ ਕਰਦੇ ਹਨ ਕਿ ਇਨ੍ਹਾਂ ਸਭ ਮੁੱਦਿਆਂ ਬਾਰੇ ਕੇਜਰੀਵਾਲ ਆਪਣਾ ਸਟੈਂਡ ਸਪੱਸ਼ਟ ਕਰੇ। ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਜੋ ਸਬਜ਼ਬਾਗ ਪੰਜਾਬੀਆਂ ਨੂੰ ਦਿਖਾਏ ਜਾ ਰਹੇ ਹਨ, ਉਨ੍ਹਾਂ ਨੂੰ ਪਹਿਲਾ ਦਿੱਲੀ ਵਿੱਚ ਕਿਉਂ ਨਹੀਂ ਲਾਗੂ ਕੀਤਾ ਗਿਆ।
ਰੰਧਾਵਾ ਨੇ ਕਿਹਾ ਕਿ ਸਿੱਖਿਆ ਦੀ ਕੌਮੀ ਦਰਜਾਬੰਦੀ ਵਿੱਚ ਪੰਜਾਬ ਪਹਿਲੇ ਨੰਬਰ ਉਤੇ ਹੈ। ਕੋਰੋਨਾ ਦੇ ਔਖੇ ਸਮੇਂ ਦਿੱਲੀ ਵਿੱਚ ਮਰੀਜ਼ ਆਕਸੀਜਨ ਦੀ ਘਾਟ ਨਾਲ ਸਹਿਕਦੇ ਆਪਣੀ ਜਾਨ ਗਵਾ ਚੁੱਕੇ ਹਨ ਤੇ ਪੰਜਾਬ ਵਿੱਚ ਇਲਾਜ ਕਰਵਾਉਣ ਆਏ। ਇਸ ਨਾਲ ਦਿੱਲੀ ਦੇ ਸਿਹਤ ਤੇ ਸਿੱਖਿਆ ਦੇ ਫਰਜੀ ਮਾਡਲ ਦਾ ਬੁਲਬੁਲਾ ਫੁੱਟ ਗਿਆ ਸੀ। ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਇਕ ਵੀ ਸਿੱਖ ਅਤੇ ਮਹਿਲਾ ਨੂੰ ਮੰਤਰੀ ਨਹੀਂ ਬਣਾਇਆ, ਜਿਸ ਤੋਂ ਉਸ ਦੀ ਮਨੋਸਥਿਤੀ ਦਾ ਪਤਾ ਲੱਗਦਾ ਹੈ।