
ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ:ਜੇਕਰ ਲੋਕਾਂ ਨੇ ਕਾਂਗਰਸ ਨੂੰ ਮੁੜ ਮੌਕਾ ਦਿੱਤਾ ਤਾਂ ਬੇਅਦਬੀ ਲਈ ਦੋਸ਼ੀ ਲੋਕਾਂ ਨੂੰ ਸਜ਼ਾ ਦਿਵਾ ਕੇ ਰਹਾਂਗੇ
- Punjab
- February 4, 2022
- No Comment
- 54
ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਹੈ, ਨੇ ਕਿਹਾ ਹੈ ਕਿ ਅਕਾਲੀਆਂ ਦੇ ਸ਼ਾਸਨਕਾਲ ’ਚ ਸੂਬੇ ’ਚ ਹੋਈਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀਆਂ ਨੂੰ ਸਜ਼ਾ ਦੁਆਉਣਾ ਕਾਂਗਰਸ ਦੇ ਏਜੰਡੇ ’ਚ ਸਭ ਤੋਂ ’ਤੇ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ’ਚ 5 ਸਾਲਾਂ ਤੱਕ ਕਾਂਗਰਸ ਦਾ ਰਾਜ ਰਿਹਾ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਪ੍ਰਤੀ ਨਰਮ ਰਹੇ, ਜਿਸ ਕਾਰਨ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ’ਚ ਵੀ ਗੰਭੀਰਤਾ ਨਾਲ ਪੈਰਵੀ ਨਹੀਂ ਕੀਤੀ ਗਈ।
ਗ੍ਰਹਿ ਮੰਤਰੀ ਨੇ ਕਿਹਾ ਕਿ ਸੂਬੇ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਅਦਾਲਤ ’ਚ ਇਨ੍ਹਾਂ ਕੇਸਾਂ ਦੀ ਪੈਰਵੀ ’ਚ ਪੂਰੀ ਗੰਭੀਰਤਾ ਵਿਖਾਈ। ਇਸ ਮਾਮਲੇ ’ਚ ਸ਼ਾਮਲ ਲੋਕਾਂ ’ਚ ਹੜਕੰਪ ਮਚਿਆ ਰਿਹਾ ਅਤੇ ਉਹ ਵਾਰ-ਵਾਰ ਅਦਾਲਤ ਦੀ ਸ਼ਰਨ ਲੈ ਕੇ ਤਰੀਕਾਂ ਲੈਂਦੇ ਰਹੇ। ਰੰਧਾਵਾ ਨੇ ਕਿਹਾ ਕਿ ਜੇਕਰ ਲੋਕਾਂ ਨੇ ਕਾਂਗਰਸ ਨੂੰ ਮੁੜ ਮੌਕਾ ਦਿੱਤਾ ਤਾਂ ਬੇਅਦਬੀ ਲਈ ਦੋਸ਼ੀ ਲੋਕਾਂ ਨੂੰ ਸਜ਼ਾ ਦਿਵਾ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਉਹ ਖੁਦ ਧਾਰਮਿਕ ਵਿਅਕਤੀ ਹਨ, ਜਿਨ੍ਹਾਂ ਦੀ ਧਰਮ ’ਚ ਪੂਰੀ ਸ਼ਰਧਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਚੋਣਾਂ ਤੋਂ ਬਾਅਦ ਸੂਬੇ ’ਚ ਕਾਂਗਰਸ ਸਰਕਾਰ ਬਣੇ ਅਤੇ ਸਰਕਾਰ ਬਣਦਿਆਂ ਹੀ ਪਹਿਲੇ ਹੀ ਦਿਨ ਤੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ। ਇਸ ਲਈ ਭਾਵੇਂ ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ ਜਾਂ ਭਾਜਪਾ ਸਾਰਿਆਂ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਕਾਂਗਰਸ ਨੂੰ ਸੱਤਾ ’ਚ ਆਉਣ ਤੋਂ ਰੋਕਿਆ ਜਾਵੇ।