
ਜਾਖੜ ਨੂੰ ਮੁੱਖ ਮੰਤਰੀ ਨਾ ਬਣਾ ਕੇ ਕਾਂਗਰਸ ਨੇ ਹਿੰਦੂ ਭਾਈਚਾਰੇ ਦਾ ਕੀਤਾ ਅਪਮਾਨ
- PoliticsPunjab
- February 3, 2022
- No Comment
- 41
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਮੁੜ ਲਪੇਟੇ ’ਚ ਲਿਆ। ਸੁਨੀਲ ਜਾਖੜ ਦੇ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਦਿੱਤੇ ਬਿਆਨ ‘ਤੇ ਮਜੀਠੀਆ ਨੇ ਕਿਹਾ ਕਿ ਜਾਖੜ ਨੂੰ ਮੁੱਖ ਮੰਤਰੀ ਨਾ ਬਣਾ ਕੇ ਕਾਂਗਰਸ ਪਾਰਟੀ ਨੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ ਹੈ। ਕਾਂਗਰਸ ਨੇ 42 ਵੋਟਾਂ ਵਾਲੇ ਸ਼ਖ਼ਸ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ, ਕਿਉਂਕਿ ਉਹ ਸ਼ਖ਼ਤ ਹਿੰਦੂ ਧਰਮ ਨਾਲ ਸਬੰਧ ਰੱਖਦਾ ਹੈ। ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਅਜਿਹਾ ਫ਼ੈਸਲਾ ਕਰਕੇ ਸਹੀ ਨਹੀਂ ਕੀਤਾ।
ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਨੂੰ ਲਪੇਟੇ ’ਚ ਲੈਂਦੇ ਹੋਏ ਉਸ ’ਤੇ ਕਈ ਨਿਸ਼ਾਨੇ ਵਿੰਨ੍ਹੇ। ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਕੁਰਸੀ ਦੇ ਪਿੱਛੇ ਪਏ ਹੋਏ ਹਨ। ਜੇਕਰ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਨਾ ਮਿਲੀ ਤਾਂ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਵੇਗਾ। ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜੇਕਰ ਕੁਰਸੀ ਦੇ ਦਿੱਤੀ ਜਾਵੇ ਤਾਂ ਹੀ ਉਹ ਕੁਝ ਕਰਨਗੇ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਇਲਾਜ ਪਾਕਿ ਬੈਠੇ ਜਨਰਲ ਬਾਜਵਾ ਅਤੇ ਇਮਰਾਨ ਖਾਨ ਕਰ ਸਕਦੇ ਹਨ।
ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਕੋਲ ਪੰਜਾਬ ਦਾ ਕੋਈ ਮਾਡਲ ਨਹੀਂ। ਇਸ ਕੋਲ ਜੋ ਵੀ ਮਾਡਲ ਹੈ, ਉਹ ਧੋਖੇ ਦਾ ਮਾਡਲ ਹੈ। ਪੰਜਾਬ ਦੀ ਸੇਵਾ ਬਿਨਾ ਕਿਸੇ ਸੁਆਰਥ ਅਤੇ ਕੁਰਸੀ ਤੋਂ ਕਰਨੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਹੁਣ ਤੱਕ ਆਪਣੇ ਹਲਕੇ ਨੂੰ ਨਜ਼ਰ ਅੰਦਾਜ਼ ਕੀਤਾ ਹੋਇਆ ਹੈ, ਜਿਸ ਕਰਕੇ ਹਲਕੇ ਦਾ ਅਜੇ ਤੱਕ ਕੋਈ ਵਿਕਾਸ ਨਹੀਂ ਹੋਇਆ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੰਜਾਬ ’ਚ ਸਿਆਸਤ ਕਰਨੀ ਹੈ।