
ਤਿਹਾੜ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ ਗੈਂਗਸਟਰ ਖਰੌੜ
- Punjab
- January 3, 2023
- No Comment
- 21
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਮਾਮਲੇ ’ਚ ਅਮਨ ਜੇਠੀ ਨਾਂ ਦੇ ਨੌਜਵਾਨ ਨੂੰ ਲੁਧਿਆਣਾ ’ਚ ਪਿਸਤੌਲ ਮੁਹੱਈਆ ਕਰਵਾਉਣ ਵਾਲੇ ਗੈਂਗਸਟਰ ਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੋਸਤ ਐੱਸਕੇ ਖਰੌੜ ਨੂੰ ਸੀਆਈਏ-2 ਟੀਮ ਮੰਗਲਵਾਰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੁਧਿਆਣਾ ਲੈ ਕੇ ਆਵੇਗੀ। ਪੁਲਿਸ ਪਤਾ ਲਾਉਣਾ ਚਾਹੁੰਦੀ ਹੈ ਕਿ ਮੂਸੇਵਾਲਾ ਹੱਤਿਆਕਾਂਡ ’ਚ ਉਸ ਨੇ ਜੋ ਪਿਸਤੌਲ ਅਮਨ ਜੇਠੀ ਨੂੰ ਦਿੱਤੀ ਸੀ, ਉਸ ਨੇ ਅੱਗੇ ਕਿਸ ਨੂੰ ਦਿੱਤਾ ਸੀ। ਪੁਲਿਸ ਇਸ ਮਾਮਲੇ ’ਚ ਪਿੰਡ ਭਾਦਸੋਂ ਦੇ ਰਹਿਣ ਵਾਲੇ ਦਸਵੀਂ ਦੇ ਵਿਦਿਆਰਥੀ ਜਸਕਰਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਜਸਕਰਨ ’ਤੇ ਬਲਦੇਵ ਚੌਧਰੀ ਤੇ ਦੋ ਹੋਰਨਾਂ ਨੂੰ ਪਿਸਤੌਲ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਹਾਲਾਂਕਿ ਜੇਠੀ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਉਸ ਦੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਐੱਸਕੇ ਖਰੌੜ ਦੇ ਕਹਿਣ ’ਤੇ ਇਕ ਵਿਅਕਤੀ ਨੂੰ ਪਿਸਤੌਲ ਦੇ ਦਿੱਤਾ ਸੀ, ਜਿਸ ਨੂੰ ਉਹ ਜਾਣਦਾ ਨਹੀਂ ਹੈ। ਹੁਣ ਇਸ ਗੱਲ ਦਾ ਖੁਲਾਸਾ ਖਰੌੜ ਤੋਂ ਹੋਣ ਵਾਲੀ ਪੁੱਛਗਿੱਛ ਤੋਂ ਹੀ ਹੋ ਸਕੇਗਾ ਕਿ ਜੇਠੀ ਤੋਂ ਪਿਸਤੌਲ ਲੈ ਕੇ ਜਾਣ ਵਾਲਾ ਕੌਣ ਸੀ। ਮੂਸੇਵਾਲਾ ਹੱਤਿਆਕਾਂਡ ’ਚ ਬਠਿੰਡਾ ਤਕ ਫਾਰਚੂਨਰ ਕਾਰ ’ਚ ਹਥਿਆਰ ਸਪਲਾਈ ਕਰਨ ਦੇ ਮਾਮਲੇ ’ਚ ਫੜੇ ਟਰਾਂਸਪੋਰਟਰ ਬਲਦੇਵ ਚੌਧਰੀ ਤੋਂ ਖੁਲਾਸਾ ਹੋਇਆ ਕਿ ਖਰੌੜ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਉਸੇ ਨੇ ਜੇਠੀ ਨੂੰ ਪਿਸਤੌਲ ਦਿੱਤਾ ਸੀ, ਜੋ ਉਸ ਨੇ ਅੱਗੇ ਕਿਸੇ ਹੋਰ ਨੂੰ ਸਪਲਾਈ ਕੀਤਾ ਸੀ।