
ਚੋਣਾਂ ਦੇ ਨਤੀਜੇ ਤੈਅ ਕਰਨਗੇ ਪੰਜਾਬ ਤੋਂ ਰਾਜ ਸਭਾ ‘ਚ ਕਿਸ ਦਾ ਪੱਲੜਾ ਭਾਰੀ
- Politics
- March 1, 2022
- No Comment
- 93
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਇਸ ਵਰ੍ਹੇ ਰਾਜ ਸਭਾ ਮੈਂਬਰ ਲਈ ਹੋਣ ਵਾਲੀਆਂ ਚੋਣਾਂ ’ਤੇ ਵੀ ਪਵੇਗਾ। ਪੰਜਾਬ ਤੋਂ ਰਾਜ ਸਭਾ ਲਈ ਸੱਤ ਮੈਂਬਰ ਚੁਣੇ ਜਾਂਦੇ ਹਨ ਅਤੇ ਮੌਜੂਦਾ ਸਾਰੇ ਰਾਜ ਸਭਾ ਮੈਂਬਰਾਂ ਦੀ ਮਿਆਦ ਅਪ੍ਰੈਲ ਅਤੇ ਜੁਲਾਈ 2022 ਵਿਚ ਖ਼ਤਮ ਹੋ ਜਾਵੇਗੀ। ਜੇਕਰ ਮੌਜੂਦਾ ਮੈਂਬਰਾਂ ਦੀ ਗੱਲ ਕਰੀਏ ਤਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ-ਤਿੰਨ ਅਤੇ ਭਾਜਪਾ ਦਾ ਇਕ ਰਾਜ ਸਭਾ ਮੈਂਬਰ ਹੈ। ਅਪ੍ਰੈਲ ਮਹੀਨੇ ਜਿਹੜੇ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ, ਉਨ੍ਹਾਂ ਵਿਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਦੇ ਸ਼ਵੇਤ ਮਲਿਕ ਸ਼ਾਮਲ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਤੇ ਅਕਾਲੀ ਦਲ ਦੇ ਨਰੇਸ਼ ਗੁਜਰਾਲ ਅਤੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਜੁਲਾਈ ਮਹੀਨੇ ਸਮਾਪਤ ਹੋ ਜਾਵੇਗਾ। ਇਹ ਸਾਰੇ ਮੈਂਬਰ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਸਾਲ 2016 ਵਿਚ ਹੋਈਆਂ ਚੋਣਾਂ ਮੌਕੇ ਚੁਣੇ ਗਏ ਸਨ। ਉਸ ਸਮੇਂ ਅਕਾਲੀ ਭਾਜਪਾ ਗਠਜੋੜ ਦੀਆਂ 70 ਤੇ ਕਾਂਗਰਸ ਦੀਆਂ 44 ਸੀਟਾਂ ਸਨ ਤੇ ਤਿੰਨ ਅਜ਼ਾਦ ਵਿਧਾਇਕ ਸਨ। ਰਾਜ ਸਭਾ ਮੈਂਬਰ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ। ਸਾਲ 2016 ਵਿਚ ਕਾਂਗਰਸ ਮਜ਼ਬੂਤ ਵਿਰੋਧੀ ਧਿਰ ਸੀ। ਸਾਲ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ ਵਿਰੋਧੀ ਧਿਰ ਬਣ ਗਈ ਹੈ ਪਰ ਇਸ ਸਮੇਂ ਦੌਰਾਨ ਕਈ ਚੋਣ ਨਹੀਂ ਹੋ ਸਕੀ ਪਰ ਮੌਜੂਦਾ ਸਮੇਂ ਵਿਚ ਪੰਜਾਬ ਦੇ ਸਿਆਸੀ ਸਮੀਕਰਨ ਬਦਲੇ ਨਜ਼ਰ ਆ ਰਹੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਅਤੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਰਾਜ ਸਭਾ ਮੈਂਬਰਾਂ ਦੀ ਚੋਣ ਵਿਚ ‘ਆਪ’ ਦਾ ਖਾਤਾ ਖੁੱਲ੍ਹ ਸਕਦਾ ਹੈ। ਹਾਲਾਂਕਿ ਰਾਜ ਸਭਾ ਦੀ ਜਿੱਤ ਵਿਧਾਨ ਸਭਾ ਵਿਚ ਪਾਰਟੀਆਂ ਦੇ ਵਿਧਾਇਕਾਂ ਦੀ ਗਿਣਤੀ (ਵੋਟ) ’ਤੇ ਨਿਰਭਰ ਕਰਦੀ ਹੈ। ਜੇਕਰ ਸੱਤ ਮੈਂਬਰਾਂ ਦੀ ਚੋਣ ਲਈ ਇਕੋ ਸਮੇਂ ਵੋਟਾਂ ਪੈਂਦੀਆਂ ਹਨ ਤਾਂ ਇਕ ਰਾਜ ਸਭਾ ਮੈਂਬਰ ਨੂੰ ਚੁਣਨ ਲਈ 17 ਵੋਟਾਂ ਦੀ ਜ਼ਰੂਰਤ ਹੋਵੇਗੀ। ਜੇਕਰ ਪਹਿਲਾਂ ਦੀ ਤਰ੍ਹਾਂ ਦੋ ਹਿੱਸਿਆ ਅਪ੍ਰੈਲ ਤੇ ਜੁਲਾਈ ਵਿਚ ਚੋਣਾਂ ਹੁੰਦੀਆਂ ਹਨ ਤਾਂ ਵਿਧਾਨ ਸਭਾ ਵਿਚ ਮਜ਼ਬੂਤ ਵਿਰੋਧੀ ਧਿਰ ਦੇ ਵੀ ਤਿੰਨ ਮੈਂਬਰਾਂ ਦੇ ਚੁਣਨ ਦਾ ਰਾਹ ਪੱਧਰਾ ਹੋ ਜਾਂਦਾ ਹੈ ਪਰ ਜਿਵੇਂ ਦੇ ਸਿਆਸੀ ਹਾਲਾਤ ਬਣੇ ਹੋਏ ਹਨ, ਉਸ ਮੁਤਾਬਕ ਜਿੱਥੇ ‘ਆਪ’ ਦਾ ਖਾਤਾ ਖੁੱਲ੍ਹ ਸਕਦਾ ਹੈ, ਉਥੇ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੀ ਸਿਆਸੀ ਪਾਰਟੀਆਂ ਦਾ ਭਵਿੱਖ ਤੈਅ ਕਰਨਗੇ।