
ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ’ਚ ਹੇਰਫੇਰ ਦਾ ਮਾਮਲਾ
- Patiala
- March 15, 2022
- No Comment
- 43
ਪੰਜਾਬੀ ਯੂਨੀਵਰਸਿਟੀ ’ਚ ਸਰਕਾਰੀ ਫੰਡਾਂ ਦੀ ਹੇਰਫੇਰ ਕਰਨ ਦੇ ਮਾਮਲੇ ‘ਚ ਸ਼ਾਮਲ ਮੁਲਾਜ਼ਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਜਾਂਚ ’ਚ ਤਿੰਨ ਹੋਰ ਮੁਲਾਜ਼ਮਾਂ ਦਾ ਨਾਂ ਇਸ ਮਾਮਲੇ ਨਾਲ ਜੁਡ਼ਿਆ ਹੈ ਜਿਨ੍ਹਾਂ ਦੇ ਬੈਂਕ ਖਾਤਿਆਂ ਤੇ ਹੋਰ ਵੇਰਵਿਆਂ ਤੋਂ ਪੈਸੇ ਦਾ ਲੈਣ ਦੇਣ ਸ਼ੱਕੀ ਪਾਇਆ ਗਿਆ ਹੈ। ਫਿਲਹਾਲ ਯੂਨੀਵਰਸਿਟੀ ਵਲੋਂ ਇਨ੍ਹਾਂ ਮੁਲਾਜ਼ਮਾਂ ਖਿਲਾਫ ਵਿਭਾਗੀ ਤੇ ਪੁਲਿਸ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। ਦੱਸ ਦੇਈਏ ਕਿ ’ਵਰਸਿਟੀ ਵਿਚ ਸਰਕਾਰੀ ਫੰਡਾਂ ਵਿਚ ਘਪਲੇ ਸਬੰਧੀ ‘ਪੰਜਾਬੀ ਜਾਗਰਣ’ ਵੱਲੋਂ ਖ਼ੁਲਾਸਾ ਕੀਤਾ ਗਿਆ ਸੀ ਜਿਸ ਪਿੱਛੋਂ ਸੀਨੀਅਰ ਸਹਾਇਕ ਸਮੇਤ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਤਕ ਇਸ ਮਾਮਲੇ ’ਚ ਸ਼ਾਮਲ ਪਾਏ ਗਏ 10 ਮੁਲਾਜ਼ਮਾਂ ’ਤੇ ਵੱਡੀ ਕਾਰਵਾਈ ਅਮਲ ‘ਚ ਲਿਆਂਦੀ ਗਈ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ’ਚ ਜਾਅਲੀ ਬਿੱਲਾਂ ਦੇ ਆਧਾਰ ’ਤੇ ਸਰਕਾਰੀ ਫੰਡਾਂ ਨੂੰ ਮੁਲਾਜ਼ਮਾਂ ਵੱਲੋਂ ਆਪਣੇ ਖਾਤਿਆਂ ’ਚ ਪਾਇਆ ਜਾ ਰਿਹਾ ਸੀ। ਇਸ ਦਾ ਖ਼ੁਲਾਸਾ ਹੋਣ ਪਿੱਛੋਂ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਜਾਂਚ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਸੀਨੀਅਰ ਸਹਾਇਕ ਵੱਲੋਂ ਲੱਖਾਂ ਦੀ ਰਾਸ਼ੀ ਜਾਅਲੀ ਬਿੱਲ, ਮੋਹਰਾਂ ਤੇ ਜਾਅਲੀ ਦਸਤਖ਼ਤਾਂ ਨਾਲ ਆਪਣੇ ’ਤੇ ਹੋਰ ਸਾਥੀਆਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਅੱਠ ਵਿਅਕਤੀਆਂ ਖ਼ਿਲਾਫ਼ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ। ਦੂਜੇ ਪਾਸੇ ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ’ਤੇ ਜਾਂਚ ਵੀ ਜਾਰੀ ਰੱਖੀ ਗਈ ਜਿਸ ’ਚ ਯੂਨੀਵਰਸਿਟੀ ਦੇ ਹੀ ਹੋਰ ਮੁਲਾਜ਼ਮਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ।
ਜਾਂਚ ਵਿਚ ਪਤਾ ਲੱਗਿਆ ਹੈ ਕਿ ਸੀਨੀਅਰ ਸਹਾਇਕ ਨੇ ਹੋਰ ਮੁਲਾਜ਼ਮਾਂ ਦੇ ਖਾਤਿਆਂ ਵਿਚ ਵੀ 5 ਤੋਂ 12 ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾਈ ਸੀ। ਯੂਨੀਵਰਸਿਟੀ ਵੱਲੋਂ ਅਜਿਹੇ 12 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਦੇ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਪਡ਼ਤਾਲ ਤੋਂ ਬਾਅਦ ਘਪਲੇ ਵਿਚ ਹਿੱਸੇਦਾਰ ਮੰਨਿਆ ਗਿਆ। ਇਸ ਸਬੰਧੀ ਥਾਣਾ ਅਰਬਨ ਅਸਟੇਟ ਪੁਲਿਸ ਨੇ ਨਿਸ਼ੂ ਚੌਧਰੀ, ਵਿਨੇ, ਆਸ਼ੂ, ਜਤਿੰਦਰ ਸਿੰਘ, ਅਕਾਸ਼ਦੀਪ, ਸੋਨੂੰ ਤੇ ਨਿਸ਼ਾ ਸ਼ਰਮਾ ਖਿਲਾਫ਼ ਮਾਮਲਾ ਦਰਜ ਕੀਤਾ। ਇਨ੍ਹਾਂ ਦੀ ਗ੍ਰਿਫਤਾਰੀਆਂ ਤੋਂ ਬਾਅਦ ਪੁਲਿਸ ਤੇ ’ਵਰਸਿਟੀ ਵੱਲੋਂ ਜਾਂਚ ਲਗਾਤਾਰ ਜਾਰੀ ਹੈ।