
ਕੈਪਟਨ ਦਾ ਜੇਤੂ ਰੱਥ ਰੁਕਿਆ, ਸਿਆਸੀ ਭਵਿੱਖ ’ਤੇ ਸਵਾਲੀਆ ਚਿੰਨ
- Patiala
- March 11, 2022
- No Comment
- 95
ਪੰਜਾਬ ਦੀ ਸਿਆਸੀ ਸ਼ਤਰੰਜ ਦੀ ਬਿਸਾਤ ’ਤੇ ਘਾਗ ਖਿਡਾਰੀ ਮੰਨੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਨੂੰ ਮੂੰਹ ਦੀ ਖਾਣੀ ਪਈ ਹੈ। ਆਮ ਆਦਮੀ ਪਾਰਟੀ ਦੀ ਘੇਰਾਬੰਦੀ ਨੇ ‘ਮਹਾਰਾਜਾ’ ਨੂੰ ਇਸ ਬਿਸਾਤ ’ਤੇ ਸ਼ਹਿ ਮਾਤ ਦੇ ਦਿੱਤੀ ਹੈ। ਇਸਦੇ ਨਾਲ ਹੀ ਸਿਆਸੀ ਭਵਿੱਖ ’ਤੇ ਵੀ ਪ੍ਰਸ਼ਨ ਚਿੰਨ ਲੱਗ ਗਿਆ ਹੈ। ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਲਗਾਤਾਰ ਚਾਰ ਵਾਰ ਵਿਧਾਇਕ ਬਨਣ ਵਾਲੇ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਤੋਂ 19 ਹਜ਼ਾਰ 873 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਚਾਰ ਵਾਰ ਸਾਲ 2002, 2007, 2012 ਅਤੇ 2017 ਵਿੱਚ ਪਟਿਆਲਾ ਸੀਟ ਤੋਂ ਵਿਧਾਇਕ ਬਣੇ। ਇਸ ਦੌਰਾਨ ਉਨ੍ਹਾਂ ਲਈ ਪਟਿਆਲਾ ਵਿੱਚ ਲੋਕਾਂ ਨਾਲ ਰਾਬਤਾ ਮੁੱਖ ਤੌਰ ’ਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਹੀ ਕੀਤਾ ਗਿਆ ਅਤੇ ਕੈਪਟਨ ਇੱਕ ਤਰ੍ਹਾਂ ਨਾਲ ਪਟਿਆਲਾ ਵਾਸੀਆਂ ਤੋਂ ਅਣਜਾਣ ਹੀ ਰਹੇ। ਮੌਜੂਦਾ ਕਾਰਜਕਾਲ ਵਿੱਚ ਵੀ ਉਹ ਸ਼ਹਿਰ ਵਾਸੀਆਂ ਨੂੰ ਬਰਾਬਰ ਦੀ ਸਹੂਲਤ ਪ੍ਰਦਾਨ ਕਰਦੇ ਸਨ। ਲਗਾਤਾਰ ਚਾਰ ਵਾਰ ਜਿੱਤਣ ਅਤੇ ਦੋ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਆਪਣੀ ਵੋਟਰਾਂ ਤੋਂ ਇੰਨੀ ਦੂਰੀ ਕੈਪਟਨ ਦੀ ਹਾਰ ਦਾ ਕਾਰਨ ਹੈ। ਹੈਰਾਨੀ ਵਾਲੀ ਗੱਲ ਹੈ ਕਿ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਵੀ ਨਾ ਤਾਂ ਕੈਪਟਨ ਸਿਸਵਾਂ ਫਾਰਮ ਤੋਂ ਪਟਿਆਲਾ ਆਏ ਤੇ ਨਾ ਹੀ ਸ਼ਾਹੀ ਪਰਿਵਾਰ ਦਾ ਕੋਈ ਮੈਂਬਰ ਮੋਤੀ ਮਹਿਲ ਵਿਚੋਂ ਬਾਹਰ ਨਿੱਕਲਿਆ।
ਜੇਕਰ 2002 ਤੋਂ ਹੁਣ ਤੱਕ ਹੋਈਆਂ ਵੱਖ-ਵੱਖ ਵਿਧਾਨ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਇਸ ਤੋਂ ਪਹਿਲਾਂ ਕਿਸੇ ਵੀ ਚੋਣ ਦੌਰਾਨ ਕੈਪਟਨ ਅਮਰਿੰਦਰ ਨੇ ਖੁਦ ਪਟਿਆਲਾ ਸ਼ਹਿਰ ‘ਚ ਆਪਣੀ ਚੋਣ ਮੁਹਿੰਮ ਲਈ ਇਕ-ਦੋ ਰੈਲੀਆਂ ਕੀਤੀਆਂ ਸਨ। ਪਟਿਆਲਾ ਸ਼ਹਿਰੀ ਪ੍ਰਨੀਤ ਕੌਰ ਨੇ ਲਗਾਤਾਰ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਿਆ। ਹਾਲਾਂਕਿ, ਇਸ ਵਾਰ ਕੁਝ ਵੱਖਰਾ ਸੀ, ਜਿੱਥੇ ਅਮਰਿੰਦਰ ਨੇ ਆਪਣੀ ਚੋਣ ਮੁਹਿੰਮ ਲਈ ਪਟਿਆਲਾ ਵਿੱਚ ਕਈ ਜਨਤਕ ਮੀਟਿੰਗਾਂ ਕੀਤੀਆਂ, ਉੱਥੇ ਹੀ ਭਾਜਪਾ ਦੇ ਕੌਮੀ ਆਗੂ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਵੀ ਚੋਣ ਮੁਹਿੰਮ ਲਈ ਪਟਿਆਲਾ ਪੁੱਜੇ। ਸਿਆਸੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਅਮਰਿੰਦਰ ਨੇ ਭਾਜਪਾ ਦੇ ਇਨ੍ਹਾਂ ਦਿੱਗਜ ਆਗੂਆਂ ਨੂੰ ਆਪਣੀ ਜਿੱਤ ਯਕੀਨੀ ਬਣਾਉਣ ਲਈ ਹੀ ਪਟਿਆਲਾ ਬੁਲਾਇਆ ਸੀ, ਪਰ ਉਨ੍ਹਾਂ ਨੂੰ ਇਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਪਾਰਟੀ ਛੱਡ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਕਦੇ ਰਾਸ ਨਹੀਂ ਆਇਆ ਹੈ। 1998 ਵਿਚ ਵੀ ਕੈਪਟਨ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਵਿਧਾਨ ਸਭਾ ਚੋਣ ਲੜੀ ਸੀ ਤੇ ਉਦੋਂ ਵੀ ਕੈਪਟਨ ਤੇ ਉਨਾਂ ਦੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 1992 ਵਿੱਚ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਨਾਮ ਦਾ ਇੱਕ ਵੱਖਰਾ ਗਰੁੱਪ ਬਣਾਇਆ ਜੋ ਬਾਅਦ ਵਿੱਚ 1998 ਵਿੱਚ ਕਾਂਗਰਸ ਵਿੱਚ ਰਲੇਵਾਂ ਹੋ ਗਿਆ। ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਦੀ ਪਾਰਟੀ ਦੀ ਕਰਾਰੀ ਹਾਰ ਹੋਈ ਤੇ ਉਹ ਖੁਦ ਆਪਣੇ ਸੀਟ ਵੀ ਨਹੀਂ ਬਚਾ ਸਕੇ ਸਨ। ਕੈਪਟਨ ਅਮਰਿੰਦਰ ਸਿੰਘ 1998 ਵਿੱਚ ਪਟਿਆਲਾ ਹਲਕੇ ਤੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਤੋਂ 33,251 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।