
ਪੰਜਾਬ ਕਾਂਗਰਸ ਦੇ 3 ਸੀਨੀਅਰ ਆਗੂਆਂ ਨੇ ਜੇਲ੍ਹ ‘ਚ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ
- Patiala
- January 7, 2023
- No Comment
- 24
ਇਕ ਪਾਸੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ 11 ਜਨਵਰੀ ਨੂੰ ਪੰਜਾਬ ਪਹੁੰਚ ਰਹੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ 3 ਸਾਬਕਾ ਪ੍ਰਧਾਨਾਂ ਨੇ ਸ਼ੁੱਕਰਵਾਰ ਨੂੰ ਸੈਂਟਰਲ ਜੇਲ੍ਹ ਪਟਿਆਲਾ ਪਹੁੰਚ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। ਇਕ ਸੰਦੇਸ਼ ਜਾ ਰਿਹਾ ਹੈ ਕਿ ਟਕਸਾਲੀ ਕਾਂਗਰਸੀ ਆਗੂਆਂ ਦਾ ਇਕ ਵੱਡਾ ਗਰੁੱਪ ਨਵਜੋਤ ਸਿੰਘ ਸਿੱਧੂ ਦੇ ਨਾਲ ਹੈ। ਸਿੱਧੂ ਨੂੰ ਅੱਗੇ ਕਰ ਕੇ ਉਹ ਪੰਜਾਬ ’ਚ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਪਿਛਲੇ 55 ਸਾਲ ਤੋਂ ਕਾਂਗਰਸ ਪਾਰਟੀ ’ਚ ਕੰਮ ਕਰ ਰਹੇ ਅਤੇ ਹਰੇਕ ਸਰਕਾਰ ’ਚ ਮੰਤਰੀ ਰਹੇ ਤੇ ਸਾਬਕਾ ਸੂਬਾ ਕਾਂਗਰਸ ਪਾਰਟੀ ਪ੍ਰਧਾਨ ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ ਅਤੇ ਮਹਿੰਦਰ ਸਿੰਘ ਕੇ. ਪੀ. ਨੇ ਸੈਂਟਰਲ ਜੇਲ੍ਹ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਜੇਲ੍ਹ ’ਚ ਪਹੁੰਚ ਕੇ ਸਿੱਧੂ ਨਾਲ ਮੁਲਾਕਾਤ ਕੀਤੀ।