
Unemployed linemen surrounded Powercom Office
- Patiala
- July 28, 2022
- No Comment
- 13
ਇੱਥੋਂ ਦੇ ਪਾਵਰਕਾਮ ਦਫਤਰ ਵਿਖੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਲਿਖਤ ਪ੍ਰੀਖਿਆ ਰੱਦ ਕਰਨ ਦੀ ਮੰਗ ਲਈ ਬੇਰੁਜ਼ਗਾਰ ਲਾਈਨਮੈਨਾਂ ਨੇ ਪਾਵਰਕੌਮ ਦਫ਼ਤਰ ਦਾ ਘਿਰਾਓ ਕਰ ਦਿੱਤਾ। ਹਾਲਾਂਕਿ ਪੁਲਿਸ ਫੋਰਸ ਵੱਲੋਂ ਲਾਈਨਮੈਨਾਂ ਨੂੰ ਮੁੱਖ ਗੇਟ ਦੇ ਨਜ਼ਦੀਕ ਨਹੀਂ ਜਾਣ ਦਿੱਤਾ, ਜਿਸ ਦੇ ਰੋਸ ਵਜੋਂ ਬੇਰੁਜ਼ਗਾਰ ਲਾਈਨਮੈਨਾਂ ਨੇ ਬਾਰਾਂਦਰੀ ਗਾਰਡਨ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਹੈ। ਬੇਰੁਜ਼ਗਾਰ ਲਾਈਨਮੈਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਲਿਖਤ ਪ੍ਰੀਖਿਆ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।ਇਸ ਮੌਕੇ ਸੰਬੋਧਨ ਕਰਦਿਆਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੀਤ ਪ੍ਰਧਾਨ ਮਲਕੀਤ ਸਿੰਘ, ਰਾਜਿੰਦਰ ਕੁਮਾਰ, ਬਲਵੀਰ ਸਿੰਘ, ਰਜੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਆਈਟੀਆਈ ਦੀ ਪੂਰੀ ਹੋਣ ਤੋਂ ਬਾਅਦ ਸਾਲ ਦੋ ਹਜਾਰ ਇੱਕੀ ਦੇ ਵਿਚ ਉਨ੍ਹਾਂ ਦੀ ਅਪਰੈਂਟਿਸਸ਼ਿਪ ਪਾਵਰਕਾਮ ਵਿੱਚ ਲਗਾਈ ਗਈ ਸੀ। ਜੋ ਕਿ ਮਈ ਮਹੀਨੇ ਦੇ ਵਿੱਚ ਪੂਰੀ ਹੋ ਗਈ ਹੈ। ਇਸ ਦੇ ਤੁਰੰਤ ਬਾਅਦ ਹੀ ਪਾਵਰਕਾਮ ਵੱਲੋਂ ਉਨ੍ਹਾਂ ਨੂੰ ਆਪਣੇ ਅਧੀਨ ਲੈਣ ਦੀ ਥਾਂ ਤੇ 1600 ਪੋਸਟਾ ਲਈ ਲਿਖਤ ਪ੍ਰੀਖਿਆ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ। ਜੋ ਕਿ ਬਿਲਕੁਲ ਹੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪ੍ਰੀਖਿਆ ਹੈ ਜੋ ਕਿ ਆਈਅੈਸ ਲੈਵਲ ਦੀ ਹੁੰਦੀ ਹੈ ਜਿਸ ਨੂੰ ਆਈਟੀ ਕਰਨ ਵਾਲੇ ਸਿਖਿਆਰਥੀ ਪਾਸ ਨਹੀਂ ਕਰ ਸਕਦੇ ਹਨ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਅਪ੍ਰੈਂਟਿਸਸ਼ਿਪ ਕਰਨ ਵਾਲੇ ਅੱਠ ਸੌ ਬੇਰੁਜ਼ਗਾਰ ਲਾਈਨਮੈਨਾਂ ਨੂੰ ਪਾਵਰ ਕੌਮ ਵੱਲੋਂ ਮੈਰਿਟ ਆਧਾਰ ਤੇ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੋ ਜਾਂਦੀ ਉਹ ਆਪਣਾ ਧਰਨਾ ਸਮਾਪਤ ਨਹੀਂ ਕਰਨਗੇ।