
ਪਟਿਆਲਾ ਹਿੰਸਾ ਦੇ ਮਾਸਟਰ ਮਾਈਂਡ ਪਰਵਾਨਾ ਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਦੀ ਵਾਇਰਲ ਤਸਵੀਰ ਦੀ ਜਾਂਚ ਸ਼ੁਰੂ
- Patiala
- May 5, 2022
- No Comment
- 258
ਜ਼ਿਲ੍ਹੇ ’ਚ 29 ਅਪ੍ਰੈਲ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਸਰਕਾਰ ਨੇ ਬੁੱਧਵਾਰ ਨੂੰ ਦੋ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ (ਐੱਸਆਈਟੀ) ਦਾ ਗਠਨ ਕਰ ਦਿੱਤਾ ਹੈ। ਘਟਨਾ ਦੇ ਛੇਵੇਂ ਦਿਨ ਬਣਾਈ ਗਈ ਪਹਿਲੀ ਐੱਸਆਟੀ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰੇਗੀ, ਜਦਕਿ ਦੂਜੀ ਐੱਸਆਈਟੀ ਇਸ ਘਟਨਾ ’ਚ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਜਾਂਚੇਗੀ ਤਾਂ ਜੋ ਘਟਨਾ ਲਈ ਜਿਹਡ਼ਾ ਵੀ ਜ਼ਿੰਮੇਵਾਰ ਹੋਵੇ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਸੇ ਦੌਰਾਨ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਹਿੰਸਾ ਦੀ ਘਟਨਾ ਦੇ ਮਾਸਟਰ ਮਾਈਂਡ ਬਰਜਿੰਦਰ ਸਿੰਘ ਪਰਵਾਨਾ ਦੀ ਤਸਵੀਰ ਦਾ ਸੱਚ ਜਾਣਨ ਲਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਤਸਵੀਰ ਇਸ ਦੇ ਤੁਰੰਤ ਬਾਅਦ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿਚ ਪਰਵਾਨਾ ਤੇ ਸਿਰਸਾ ਇਕੱਠੇ ਖਡ਼੍ਹੇ ਦਿਖਾਈ ਦੇ ਰਹੇ ਹਨ। ਵਾਇਰਲ ਪੋਸਟ ’ਚ ਦੋਵੇਂ ਆਪਸ ’ਚ ਸੰਪਰਕ ’ਚ ਹੋਣ ਦੀ ਗੱਲ ਵੀ ਕਹੀ ਗਈ ਹੈ। ਪੁਲਿਸ ਪਰਵਾਨਾ ਦੇ ਫੋਨ ਕਾਲ ਡਿਟੇਲਸ ਦੀ ਜਾਂਚ ਕਰ ਰਹੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।
ਐੱਸਐੱਸਪੀ ਦੀਪਕ ਪਾਰਿਖ ਦਾ ਕਹਿਣਾ ਹੈ ਕਿ ਹਿੰਸਾ ਦੀ ਘਟਨਾ ਦੇ ਮੁੱਖ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਜਾਰੀ ਹੈ। ਸਿਆਸੀ ਪੋਸਟ ਤੇ ਦੋਸ਼ਾਂ ਨਾਲ ਪੁਲਿਸ ਜਾਂਚ ਦਾ ਲੈਣਾ-ਦੇਣਾ ਨਹੀਂ ਹੈ, ਪਰ ਪਰਵਾਨਾ ਨਾਲ ਜੁਡ਼ੇ ਹਰ ਸੱਚ ਨੂੰ ਜਾਣਨ ਲਈ ਉਹ ਖ਼ੁਦ ਮਾਮਲੇ ਦੀ ਜਾਂਚ ਕਰ ਰਹੇ ਹਨ। ਪਰਵਾਨਾ ਦੇ ਫੋਨ, ਇੰਟਰਨੈੱਟ ਮੀਡੀਆ ਅਕਾਊਂਟ ਸਮੇਤ ਵਾਇਰਲ ਤਸਵੀਰ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਾਇਆ ਜਾ ਰਿਹਾ ਹੈ ਹਿੰਸਕ ਘਟਨਾ ਤੋਂ ਬਾਅਦ ਪਰਵਾਨਾ ਕਿੱਥੇ ਲੁਕਿਆ ਸੀ ਤੇ ਕਿਨ੍ਹਾਂ ਲੋਕਾਂ ਨਾਲ ਗੱਲ ਕਰਦਾ ਰਿਹਾ।
ਜ਼ਿਕਰਯੋਗ ਹੈ ਕਿ 29 ਅਪ੍ਰੈਲ ਨੂੰ ਖ਼ਾਲਿਸਤਾਨ ਦੇ ਸਮਰਥਨ ਤੇ ਇਸ ਦੇ ਵਿਰੋਧ ’ਚ ਮਾਰਚ ਕੱਢਣ ਲਈ ਦੋ ਸੰਗਠਨਾਂ ਵਿਚਾਲੇ ਹਿੰਸਕ ਘਟਨਾ ਹੋਈ ਸੀ, ਜਿਸ ਨੂੰ ਲੈ ਕੇ ਪੁਲਿਸ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ’ਚ ਹੈ। ਦੰਗਾਕਾਰੀਆਂ ਨੇ ਕਾਲੀ ਮਾਤਾ ਮੰਦਰ ’ਤੇ ਪਥਰਾਅ ਕਰ ਦਿੱਤਾ ਸੀ। ਘਟਨਾ ਪਿੱਛੋੋਂ ਆਈਜੀ, ਐੱਸਐੱਸਪੀ, ਐੱਸਪੀ ਦੇ ਨਾਲ ਇਕ ਡੀਐੱਸਪੀ ਤੇ ਦੋ ਐੱਸਐੱਚਓ ਨੂੰ ਤਤਕਾਲ ਪ੍ਰਭਾਵ ਨਾਲ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।