ਲੁਧਿਆਣਾ 'ਚ Farm House 'ਤੇ ਪੁਲਸ ਦੀ ਰੇਡ, ਇਹ ਕੰਮ ਕਰਦੇ ਫੜੇ ਗਏ 13 ਲੋਕ
ਲੁਧਿਆਣਾ (Lovepreet) : CIA-2 ਦੀ ਪੁਲਸ ਨੇ ਪੱਖੋਵਾਲ ਰੋਡ 'ਤੇ ਇਕ ਫਾਰਮ ਹਾਊਸ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ 13 ਲੋਕਾਂ ਨੂੰ ਜੂਆ ਖੇਡਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ। ਫ਼ਿਲਹਾਲ ਪੁਲਸ ਵੱਲੋਂ ਇਨ੍ਹਾਂ ਕੋਲੋਂ ਹੋਈ ਬਰਾਮਦਗੀ ਬਾਰੇ ਤਾਂ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ, ਪਰ ਇਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੇ ਜਾਣ ਦੀ ਚਰਚਾ ਹੈ। ਇਹ ਵੀ ਚਰਚਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਨਾਮੀ ਕਾਰੋਬਾਰੀ ਵੀ ਸ਼ਾਮਲ ਹੈ। ਇਸ ਮਾਮਲੇ ਵਿਚ ਥਾਣਾ ਦੁੱਗਰੀ ਵਿਚ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਹਰਜਾਪ ਸਿੰਘ ਨੇ ਦੱਸਿਆ ਕਿ ਪੱਖੋਵਾਲ ਰੋਡ 'ਤੇ ਇੰਡੋਰ ਸਟੇਡੀਅਮ ਦੇ ਕੋਲ ਹਰਸ਼ਦੀਪ ਸਿੰਘ ਉਰਫ਼ ਬਾਵਾ ਦਾ ਫਾਰਮ ਹਾਊਸ ਹੈ, ਜਿਸ ਵਿਚ CIA-2 ਵੱਲੋਂ ਰੇਡ ਕੀਤੀ ਗਈ ਸੀ। ਇਸ ਦੌਰਾਨ 13 ਲੋਕਾਂ ਨੂੰ ਜੂਆ ਖੇਡਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਗੁਰਪ੍ਰੀਤ ਸਿੰਘ ਗੈਰੀ, ਹਰਮਨਜੀਤ ਸਿੰਘ ਮਨੀ, ਅਨੁਜ ਕੁਮਾਰ, ਗੁਰਪ੍ਰੀਤ ਸਿੰਘ ਪ੍ਰੀਤ, ਮਨਿੰਦਰ ਸੱਗੜ, ਨਵਤੇਜ ਸਿੰਘ, ਪੀਯੂਸ਼ ਸੋਢੀ, ਕਰਨ ਸਿੰਘ ਉਰਫ਼ ਮਿੱਠੂ, ਰਵਨੀਤ ਸਿੰਘ ਉਰਫ਼ ਸੋਨੀ, ਇਸ਼ਵਿੰਦਰ ਸਿੰਘ ਈਸ਼ੂ, ਸ਼ਰਨਜੀਤ ਸਿੰਘ ਉਰਫ਼ ਬੱਬੂ, ਅਮਰੀਨ ਸਿੰਘ ਅਤੇ ਹਰਸ਼ਦੀਪ ਸਿੰਘ ਉਰਫ਼ ਬਾਵਾ ਸ਼ਾਮਲ ਹਨ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।