ਔਰਤ ਦੀ ਮੌਤ ਦੇ ਮਾਮਲੇ 'ਚ ਅੱਲੂ ਅਰਜੁਨ ਨੇ FIR ਰੱਦ ਕਰਨ ਲਈ ਖੜਕਾਇਆ ਕੋਰਟ ਦਾ ਦਰਵਾਜ਼ਾ
ਹੈਦਰਾਬਾਦ- ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਪੁਸ਼ਪਾ 2 ਦੀ ਸਕ੍ਰੀਨਿੰਗ ਦੌਰਾਨ ਇਕ ਔਰਤ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਨੂੰ ਤੇਲੰਗਾਨਾ ਹਾਈ ਕੋਰਟ ਦਾ ਰੁਖ ਕੀਤਾ। ਉਸ ਨੇ ਹੈਦਰਾਬਾਦ ਦੇ ਇੱਕ ਥੀਏਟਰ 'ਚ ਇੱਕ ਸਕ੍ਰੀਨਿੰਗ ਦੌਰਾਨ ਦਮ ਘੁੱਟਣ ਕਾਰਨ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ ਆਪਣੇ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। 4 ਦਸੰਬਰ ਦੀ ਰਾਤ ਨੂੰ ਅੱਲੂ ਅਰਜੁਨ ਆਪਣੀ ਨਵੀਂ ਫਿਲਮ 'ਪੁਸ਼ਪਾ 2: ਦ ਰੂਲ' ਦਾ ਪ੍ਰੀਮੀਅਰ ਸ਼ੋਅ ਦੇਖਣ ਲਈ ਹੈਦਰਾਬਾਦ ਦੇ ਸੰਧਿਆ ਥੀਏਟਰ ਪਹੁੰਚੇ ਸਨ। ਇਸ ਸ਼ੋਅ ਲਈ ਉਹ ਆਪਣੀ ਨਿੱਜੀ ਸੁਰੱਖਿਆ ਨਾਲ ਥਿਏਟਰ ਪਹੁੰਚੇ ਸਨ। 'ਪੁਸ਼ਪਰਾਜ' ਦੀ ਝਲਕ ਪਾਉਣ ਲਈ ਸੰਧਿਆ ਥੀਏਟਰ 'ਚ ਭਾਰੀ ਭੀੜ ਇਕੱਠੀ ਹੋ ਗਈ ਸੀ। ਭੀੜ ਨੂੰ ਕਾਬੂ ਕਰਨ ਲਈ ਸਥਾਨਕ ਪੁਲਸ ਨੇ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਭਗਦੜ ਮੱਚ ਗਈ। ਇਸ ਭਗਦੜ ਵਿੱਚ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਅੱਠ ਸਾਲਾ ਪੁੱਤਰ ਜ਼ਖ਼ਮੀ ਹੋ ਗਿਆ। ਜ਼ਖਮੀ ਪੁੱਤਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।5 ਦਸੰਬਰ ਨੂੰ ਸਿਟੀ ਪੁਲਸ ਨੇ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਵੱਲੋਂ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ 'ਤੇ ਚਿੱਕੜਪੱਲੀ ਪੁਲਸ ਸਟੇਸ਼ਨ ਨੇ ਪੁਸ਼ਪਾ ਸਟਾਰ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਦੌਰਾਨ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਫਿਲਮ 'ਪੁਸ਼ਪਾ 2' ਦੇ ਪ੍ਰੀਮੀਅਰ ਸ਼ੋਅ ਤੋਂ ਪਹਿਲਾਂ ਮਚੀ ਭਗਦੜ 'ਚ ਇਕ ਔਰਤ ਦੀ ਮੌਤ ਦੇ ਮਾਮਲੇ 'ਚ ਸੰਧਿਆ ਥੀਏਟਰ ਦੇ ਮਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸੰਧਿਆ ਥੀਏਟਰ ਦੇ ਮਾਲਕਾਂ 'ਚੋਂ ਇਕ ਐਮ ਸੰਦੀਪ (37), ਸੀਨੀਅਰ ਮੈਨੇਜਰ ਐਮ ਨਾਗਰਾਜੂ (51) ਅਤੇ ਹੇਠਲੀ ਬਾਲਕੋਨੀ ਇੰਚਾਰਜ ਵਿਜੇ ਚੰਦਰ (53) ਵਜੋਂ ਹੋਈ ਹੈ।'ਪੁਸ਼ਪਾ 2' ਨੇ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਹੈ। ਨਾਲ ਹੀ, ਉਸ ਨੇ ਪਟੀਸ਼ਨ ਦੇ ਨਿਪਟਾਰੇ ਤੱਕ ਗ੍ਰਿਫਤਾਰੀ ਸਮੇਤ ਹੋਰ ਸਾਰੀਆਂ ਕਾਰਵਾਈਆਂ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੀ ਹਾਈ ਕੋਰਟ ਵਿੱਚ ਸੁਣਵਾਈ ਹੋਣ ਦੀ ਉਮੀਦ ਹੈ। ਅਦਾਕਾਰ ਨੇ ਇਸ ਮਾਮਲੇ 'ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕ ਔਰਤ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।