
ਵਿਧਾਇਕ ਦੀ ਕਾਤਲ ਨੂੰ ਸੁਪਰੀਮ ਕੋਰਟ ਨੇ 15 ਦਿਨਾਂ ਦੀ ਪੈਰੋਲ ‘ਤੇ ਰਿਹਾਅ ਕਰਨ ਦਾ ਦਿੱਤਾ ਆਦੇਸ਼
- NationalPolitics
- February 2, 2022
- No Comment
- 96
ਸੁਪਰੀਮ ਕੋਰਟ ਨੇ ਬਿਹਾਰ ਦੇ ਸਾਬਕਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਰਾਜ ਕਿਸ਼ੋਰ ਕੇਸਰੀ ਦੇ ਕਤਲ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਇਕ ਮਹਿਲਾ ਕੈਦੀ ਨੂੰ ਧੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ 15 ਦਿਨ ਦੀ ਪੈਰੋਲ ‘ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਚੀਫ਼ ਜਸਟਿਸ ਐੱਨ.ਵੀ. ਰਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਟੀਸ਼ਨਕਰਤਾ ਰੂਪਮ ਪਾਠਕ ਦੀ 15 ਦਿਨਾਂ ਦੀ ਪੈਰੋਲ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਉਸ ਨੂੰ ਉਸ ਮਿਆਦ ਤੋਂ ਬਾਅਦ ਆਤਮਸਮਰਪਣ ਕਰਨ ਦਾ ਆਦੇਸ਼ ਦਿੱਤਾ। ਪਾਠਕ ਬਿਹਾਰ ਦੇ ਪੂਰਨੀਆ ਦੇ ਸਾਬਕਾ ਭਾਜਪਾ ਵਿਧਾਇਕ ਸ਼੍ਰੀ ਕੇਸਰੀ ਦੇ 2011 ‘ਚ ਹੋਏ ਕਤਲ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ।
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦਾ ਪੱਖ ਰੱਖ ਰਹੇ ਐਡੀਸ਼ਨਲ ਸਾਲਿਸੀਟਰ ਜਨਰਲ ਐੱਸ.ਵੀ. ਰਾਜੂ ਨੇ ਸੁਣਵਾਈ ਦੌਰਾਨ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ। ਰਾਜੂ ਨੇ ਕਿਹਾ ਕਿ ਪਟੀਸ਼ਨਕਰਤਾ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਅਸੀਂ ਵੈਰੀਫਿਕੇਸ਼ਨ ਕਰਵਾ ਲਈ ਹੈ ਕਿ ਉਸ ਦੀ ਧੀ ਦਾ ਵਿਆਹ ਹੋਣਾ ਹੈ। ਇਸ ਮਾਮਲੇ ‘ਚ ਪੈਰੋਲ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਆਮ ਤੌਰ ‘ਤੇ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਦਾ ਵਿਰੋਧ ਕਰਨ ਵਾਲੀ ਸੀ.ਬੀ.ਆਈ. ਵਲੋਂ ਇਸ ਮਾਮਲੇ ‘ਚ ਵੱਖ ਰੁਖ ਅਪਣਾਉਣ ‘ਤੇ ਚੀਫ਼ ਜਸਟਿਸ ਰਮੰਨਾ ਨੇ ਕਿਹਾ,”ਓਹ! ਮਿਸਟਰ ਰਾਜੂ, ਤੁਸੀਂ (ਸੀ.ਬੀ.ਆਈ.) ਪਹਿਲੀ ਵਾਰ ਵਿਚਾਰ ਕੀਤਾ ਹੈ।” ਇਕ ਨਿੱਜੀ ਸਕੂਲ ਦੀ ਅਧਿਆਪਕਾ ਰਹੀ ਪਾਠਕ ਨੇ ਧੀ ਦੇ ਯੌਨ ਸ਼ੋਸ਼ਣ ਦੇ ਮਾਮਲੇ ‘ਚ 4 ਜਨਵਰੀ 2011 ਨੂੰ ਵਿਧਾਇਕ ਕੇਸਰੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।