
ਯੂਕਰੇਨ ‘ਚ ਪੁਤਿਨ ਦੀ ਫੌਜਨੇ ਕੀਤੀ ਬਗਾਵਤ
- International
- March 26, 2022
- No Comment
- 87
ਯੂਕਰੇਨ ਅਤੇ ਰੂਸ ਵਿਚਾਲੇ ਲਗਪਗ ਇੱਕ ਮਹੀਨੇ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਵਿੱਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦੋਂ ਕਿ ਲੱਖਾਂ ਲੋਕ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਚਲੇ ਗਏ ਹਨ। ਇੱਕ ਪਾਸੇ ਜਿੱਥੇ ਰੂਸ ਨੇ ਯੂਕਰੇਨ ਦੇ ਲਗਪਗ ਸਾਰੇ ਵੱਡੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਲਗਾਤਾਰ ਹਮਲਿਆਂ ਤੋਂ ਬਾਅਦ ਵੀ ਨਾ ਤਾਂ ਯੂਕਰੇਨ ਅਤੇ ਨਾ ਹੀ ਰੂਸ ਪਿੱਛੇ ਹਟਣ ਲਈ ਤਿਆਰ ਹੈ।
ਇਸ ਦੌਰਾਨ ਪੱਛਮੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਜੰਗ ਲੜ ਰਹੇ ਰੂਸੀ ਕਰਨਲ ਨੂੰ ਰੂਸੀ ਸੈਨਿਕਾਂ ਦੇ ਟੈਂਕ ਨੇ ਕੁਚਲ ਕੇ ਮਾਰ ਦਿੱਤਾ। ਦਰਅਸਲ, ਇਹ ਕਰਨਲ ਯੂਕਰੇਨ ਵਿੱਚ ਫੌਜ ਦੀ ਇੱਕ ਟੁਕੜੀ ਦੀ ਅਗਵਾਈ ਕਰ ਰਿਹਾ ਸੀ, ਜਦੋਂ ਕਿ ਉਸਦੀ ਮੌਤ ਤੋਂ ਬਾਅਦ ਰੂਸੀ ਫੌਜ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਪੱਛਮੀ ਅਧਿਕਾਰੀਆਂ ਮੁਤਾਬਕ 37ਵੀਂ ਮੋਟਰ ਰਾਈਫਲ ਬ੍ਰਿਗੇਡ ਦੇ ਕਮਾਂਡਰ ਯੂਰੀ ਮੇਦਵੇਦੇਵ ਨੂੰ ਰੂਸੀ ਫੌਜ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਕਿਉਂਕਿ ਉਸ ਦੀ ਯੂਨਿਟ ‘ਚ ਜਾਨੀ ਨੁਕਸਾਨ ‘ਤੇ ਗੁੱਸਾ ਸੀ।
‘ਦ ਸਨ‘ ਦੀ ਰਿਪੋਰਟ ਮੁਤਾਬਕ ਇਸ ਹਫ਼ਤੇ ਹੀ ਕਰਨਲ ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ‘ਚ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਉਹ ਕੀਵ ਦੇ ਨੇੜੇ ਮਾਕਾਰਿਵ ਵਿਖੇ ਲੜਾਈ ਦੌਰਾਨ ਜ਼ਖਮੀ ਹੋ ਗਿਆ ਸੀ। ਰਿਪੋਰਟ ਮੁਤਾਬਕ ਉਸ ਸਮੇਂ ਟੈਂਕ ਉਸ ਦੀ ਲੱਤ ‘ਤੇ ਚੜ੍ਹ ਗਿਆ ਸੀ ਪਰ ਉਹ ਬਚ ਗਿਆ। ਪਰ ਹੁਣ ਪੱਛਮੀ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਸ ਕਰਨਲ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਾ ਕਾਰਨ ਗੰਭੀਰ ਸੱਟਾਂ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਬ੍ਰਿਗੇਡ ਕਮਾਂਡਰ ਆਪਣੇ ਹੀ ਸੈਨਿਕਾਂ ਦੇ ਹੱਥੋਂ ਮਾਰਿਆ ਗਿਆ।