
ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ- ਰੂਸ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰੇ ਯੂਰਪ
- International
- March 21, 2022
- No Comment
- 89
ਅੱਜ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 26 ਦਿਨ ਹੋ ਗਏ ਹਨ। ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ ਅਤੇ ਹਰ ਪਾਸੇ ਧੂੰਆਂ ਦਿਖਾਈ ਦੇ ਰਿਹਾ ਹੈ। ਰੂਸ ਨੇ ਸਕੂਲਾਂ ਅਤੇ ਹਸਪਤਾਲਾਂ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ, ਜਿਸ ‘ਚ ਕਈ ਬੇਕਸੂਰ ਨਾਗਰਿਕਾਂ ਅਤੇ ਬੱਚਿਆਂ ਦੀ ਜਾਨ ਚਲੀ ਗਈ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾਈਆਂ ਹਨ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਰਪ ਨੂੰ ਰੂਸ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰ ਦੇਣਾ ਚਾਹੀਦਾ ਹੈ।
ਜ਼ੇਲੇਂਸਕੀ ਨੇ ਮਾਰੀਉਪੋਲ ਦੇ ਇੱਕ ਸਕੂਲ ‘ਤੇ ਰੂਸੀ ਬੰਬਾਰੀ ਦੀ ਨਿੰਦਾ ਕੀਤੀ, ਜਿੱਥੇ ਸੈਂਕੜੇ ਨਾਗਰਿਕਾਂ ਨੇ ਪਨਾਹ ਲਈ ਸੀ। ਜ਼ੇਲੇਂਸਕੀ ਨੇ ਸੋਮਵਾਰ ਤੜਕੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਰੂਸੀ ਫੌਜ ਨੇ ਇੱਕ ਆਰਟ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਿਸ ਵਿੱਚ ਲਗਪਗ 400 ਲੋਕਾਂ ਨੇ ਸ਼ਰਨ ਲਈ ਸੀ। ਉਨ੍ਹਾਂ ਕਿਹਾ, ”ਉੱਥੇ ਮੌਜੂਦ ਲੋਕ ਮਲਬੇ ਹੇਠ ਦੱਬੇ ਹੋਏ ਹਨ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਵਿੱਚੋਂ ਕਿੰਨੇ ਬਚ ਗਏ ਹਨ। ਪਰ ਸਾਨੂੰ ਯਕੀਨ ਹੈ ਕਿ ਅਸੀਂ ਨਿਸ਼ਚਤ ਤੌਰ ‘ਤੇ ਉਸ ਪਾਇਲਟ ਨੂੰ ਮਾਰ ਦੇਵਾਂਗੇ ਜਿਸ ਨੇ ਆਰਟ ਸਕੂਲ ‘ਤੇ ਬੰਬ ਸੁੱਟਿਆ ਸੀ, ਜਿਵੇਂ ਕਿ ਅਸੀਂ ਲਗਪਗ ਸੌ ਹੋਰ ਪਾਇਲਟਾਂ ਨਾਲ ਕੀਤਾ ਸੀ ਜਿਨ੍ਹਾਂ ਨੇ ਸਮੂਹਿਕ ਕਤਲੇਆਮ ਕੀਤਾ।”
ਦੂਜੇ ਪਾਸੇ ਰੂਸ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਯੂਕਰੇਨ ਦੇ ਸੈਨਿਕ ਹਥਿਆਰ ਝੁੱਕਾ ਦੇਣ। ਰੂਸ ਨੇ ਯੂਕਰੇਨ ਦੇ ਮਾਰੀਉਪੋਲ ਵਿੱਚ ਇੱਕ ਸੁਰੱਖਿਅਤ ਮਾਨਵਤਾਵਾਦੀ ਗਲਿਆਰੇ ਦੇ ਬਦਲੇ ਵਿੱਚ ਬੰਦਰਗਾਹ ਵਾਲੇ ਸ਼ਹਿਰ ਦੇ ਲੋਕਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਹੈ। ਹਾਲਾਂਕਿ ਯੂਕਰੇਨ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਸ ਰਣਨੀਤਕ ਤੌਰ ‘ਤੇ ਮਹੱਤਵਪੂਰਨ ਯੂਕਰੇਨੀ ਸ਼ਹਿਰ ਦੇ ਕੰਟਰੋਲ ਲਈ ਲੜਾਈ ਅਜੇ ਵੀ ਤੇਜ਼ ਹੋ ਰਹੀ ਹੈ।
ਰੂਸੀ ਕਰਨਲ ਜਨਰਲ ਮਿਖਾਇਲ ਮਿਜ਼ਿਨਤਸੇਵ ਨੇ ਕਿਹਾ ਹੈ ਕਿ ਉਹ ਮਾਰੀਉਪੋਲ ਤੋਂ ਰਵਾਨਗੀ ਲਈ ਦੋ ਐਗਜ਼ਿਟ ਕੋਰੀਡੋਰ ਸਥਾਪਤ ਕਰਨ ਦੀ ਇਜਾਜ਼ਤ ਦੇਵੇਗਾ, ਇੱਕ ਪੂਰਬ ਵਿੱਚ ਰੂਸ ਵੱਲ ਅਤੇ ਦੂਜਾ ਪੱਛਮ ਵਿੱਚ ਯੂਕਰੇਨ ਦੇ ਹੋਰ ਹਿੱਸਿਆਂ ਵੱਲ ਜਾਵੇਗਾ।
ਮਾਰੀਉਪੋਲ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਹਮਲਿਆਂ ਵਿੱਚ ਸ਼ਹਿਰ ਵਿੱਚ ਘੱਟੋ-ਘੱਟ 2,300 ਲੋਕ ਮਾਰੇ ਗਏ, ਜਿਨ੍ਹਾਂ ਚੋਂ ਕੁਝ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਗਿਆ ਸੀ। ਐਮਰਜੈਂਸੀ ਅਧਿਕਾਰੀਆਂ ਨੇ ਪੂਰਬੀ ਯੂਕਰੇਨ ਦੇ ਸ਼ਹਿਰ ਸੁਮੀ ਵਿੱਚ ਇੱਕ ਰਸਾਇਣਕ ਪਲਾਂਟ ਤੋਂ ਅਮੋਨੀਆ ਗੈਸ ਲੀਕ ਨੂੰ ਕਾਬੂ ਕੀਤਾ ਹੈ।
ਸੁਮੀ ਦੇ ਖੇਤਰੀ ਗਵਰਨਰ ਦਮਿਤਰੋ ਜ਼ਾਇਵਿਟਸਕੀ ਨੇ ਇਹ ਨਹੀਂ ਦੱਸਿਆ ਕਿ ਲੀਕੇਜ ਦਾ ਕਾਰਨ ਕੀ ਹੈ, ਜਿਸ ਕਾਰਨ ਜ਼ਹਿਰੀਲੀ ਅਮੋਨੀਆ ਗੈਸ ਸੁਮੀਖਿਮਪ੍ਰੋਮ ਪਲਾਂਟ ਦੇ 2.5-ਕਿਲੋਮੀਟਰ ਦੇ ਘੇਰੇ ਵਿੱਚ ਫੈਲ ਗਈ। ਸੁਮੀਖਿਮਪ੍ਰੋਮ ਪਲਾਂਟ ਸੁਮੀ ਦੇ ਪੂਰਬੀ ਬਾਹਰੀ ਹਿੱਸੇ ‘ਤੇ ਸਥਿਤ ਹੈ, ਜਿਸਦੀ ਆਬਾਦੀ ਲਗਪਗ 2.63 ਮਿਲੀਅਨ ਹੈ ਅਤੇ ਹਾਲ ਹੀ ਦੇ ਹਫ਼ਤਿਆਂ ਵਿੱਚ ਰੂਸੀ ਸੈਨਿਕਾਂ ਦੁਆਰਾ ਨਿਯਮਿਤ ਤੌਰ ‘ਤੇ ਗੋਲੀਬਾਰੀ ਕੀਤੀ ਗਈ ਹੈ।