
ਰੂਸ ਦੇ ਹਮਲੇ ਦਾ ਯੂਕ੍ਰੇਨ ਵੱਲੋਂ ਕਰਾਰਾ ਜਵਾਬ
- International
- February 24, 2022
- No Comment
- 75
ਰੂਸ ਦੇ ਹਮਲੇ ਮਗਰੋਂ ਯੂਕ੍ਰੇਨ ਦੀ ਫ਼ੌਜ ਰੂਸੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ਦਾ ਢੁਕਵਾਂ ਜਵਾਬ ਦੇ ਰਹੀ ਹੈ ਅਤੇ ਉਸ ਨੇ ਖੇਤਰ ਵਿਚ ਹਮਲਾਵਰਾਂ ਦੇ 5 ਜਹਾਜ਼ਾਂ ਅਤੇ 1 ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ। ਫ਼ੌਜੀ ਆਪਣੀ ਥਾਂ ‘ਤੇ ਕਾਇਮ ਹਨ ਅਤੇ ਦੁਸ਼ਮਣ ਪੱਖ ਨੂੰ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਸਵੇਰੇ ਯੂਕਰੇਨ ਦੇ ਕੀਵ, ਖਾਰਕਿਵ, ਓਡੇਸਾ ਅਤੇ ਹੋਰ ਸ਼ਹਿਰਾਂ ਵਿਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਉਥੇ ਹੀ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ, ਜਿਸ ਨਾਲ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਹ ਹਮਲਾ ਯੂਕ੍ਰੇਨ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਸਕਦਾ ਹੈ। ਇਸ ਦੇ ਨਾਲ ਹੀ ਰੂਸ ਵੱਲੋਂ ਫੌਜੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜ਼ੇਲੇਨਸਕੀ ਨੇ ਦੇਸ਼ ਵਿਚ ‘ਮਾਰਸ਼ਲ ਲਾਅ’ ਦਾ ਐਲਾਨ ਕਰਦਿਆਂ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ।