
ਮਲੇਸ਼ੀਆ ‘ਚ ਟੂਰਿਸਟ ਕੈਂਪ ਸਾਈਟ ‘ਤੇ ਖਿਸਕੀ ਜ਼ਮੀਨ
- International
- December 16, 2022
- No Comment
- 30
ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਬਾਹਰੀ ਇਲਾਕੇ ਵਿਚ ਇੱਕ ਸੈਲਾਨੀ ਕੈਂਪ ਵਾਲੀ ਥਾਂ ‘ਤੇ ਵੀਰਵਾਰ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਮੁਖੀ ਸੂਫੀਅਨ ਅਬਦੁੱਲਾ ਨੇ ਦੱਸਿਆ ਕਿ ਕੁਆਲਾਲੰਪੁਰ ਤੋਂ ਕਰੀਬ 50 ਕਿਲੋਮੀਟਰ ਦੂਰ ਕੇਂਦਰੀ ਸੇਲਾਂਗੋਰ ਦੇ ਬਾਤਾਂਗ ਕਾਲੀ ‘ਚ ਇਕ ‘ਕੈਂਪਸਾਈਟ’ ‘ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਮੰਨਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉੱਥੇ ਕਰੀਬ 94 ਲੋਕ ਮੌਜੂਦ ਸਨ।
‘ਕੈਂਪਸਾਈਟ’ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਲੋਕ ਸਮਾਂ ਬਿਤਾਉਣ ਲਈ ਟੈਂਟ ਲਗਾ ਕੇ ਰਹਿੰਦੇ ਹਨ। ਅਜਿਹੇ ਸਥਾਨ ਸਥਾਨਕ ਲੋਕਾਂ ਵਿੱਚ ਕਾਫ਼ੀ ਪ੍ਰਸਿੱਧ ਹਨ। ਸੂਫੀਅਨ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ, ਜਿਸ ਵਿੱਚ ਇੱਕ 5 ਸਾਲ ਦਾ ਬੱਚਾ ਵੀ ਸ਼ਾਮਲ ਹੈ। ਘਟਨਾ ‘ਚ ਜ਼ਖ਼ਮੀ ਹੋਏ 7 ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਬਚਾਅ ਕਰਮਚਾਰੀ ਲਗਭਗ 17 ਲੋਕਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ 53 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਲਗਭਗ 400 ਕਰਮਚਾਰੀ ਖੋਜ ਅਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ।