
ਬਚਪਨ ਦੇ ਪੰਜ ਜ਼ੋਖ਼ਿਮ ਕਾਰਕ ਦਿਲ ਦੇ ਦੌਰੇ ਦੀ ਸ਼ੰਕਾ ਦਾ ਕਰ ਦਿੰਦੇ ਨੇ ਇਸ਼ਾਰਾ
- Health
- April 18, 2022
- No Comment
- 84
ਸ਼ੋਧਕਰਤਾਵਾਂ ਨੇ ਬਚਪਨ ਦੇ ਪੰਜ ਜ਼ੋਖ਼ਿਮ ਕਾਰਕਾਂ ਦੀ ਪਛਾਣ ਕੀਤੀ ਹੈ, ਜੋ ਜਵਾਨੀ ‘ਚ ਸਟ੍ਰੋਕ ਤੇ ਦਿਲ ਦੇ ਦੌਰੇ ਦੀ ਸ਼ੰਕਾ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੰਦੇ ਹਨ। ਇਹ ਜਾਣਕਾਰੀ ਦਿਲ ਦੇ ਰੋਗ ਨਾਲ ਸਬੰਧਤ ਦੁਨੀਆ ਦੇ ਸਭ ਤੋਂ ਵੱਡੇ ਕੌਮਾਂਤਰੀ ਅਧਿਐਨ ‘ਚ ਸਾਹਮਣੇ ਆਈ, ਜੋ ਲਗਪਗ ਅੱਧੀ ਸਦੀ ਚੱਲਿਆ। ਅਧਿਐਨ ਨਤੀਜਾ ‘ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ’ ਵਿਚ ਪ੍ਰਕਾਸ਼ਿਤ ਹੋਇਆ ਹੈ। ਸ਼ੋਧਕਰਤਾਵਾਂ ਨੇ ਪਾਇਆ ਕਿ ਬਾਡੀ ਮਾਸ ਇੰਡੈਕਸ (ਬੀਐੱਮਆਈ), ਬਲੱਡ ਪ੍ਰਰੈਸ਼ਰ, ਕੋਲੇਸਟ੍ਰਾਲ, ਟ੍ਰਾਈਗਲਿਸਰਾਈਡ ਤੇ ਜਵਾਨੀ ‘ਚ ਸਿਗਰਟਨੋਸ਼ੀ 40 ਸਾਲ ਦੀ ਉਮਰ ‘ਚ ਹੀ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਕਰ ਦਿੰਦੇ ਹਨ। ਇਹ ਸਾਰੇ ਪਹਿਲੂ ਜੇਕਰ ਮੁੱਢਲੀ ਬਾਲ ਅਵਸਥਾ ਨਾਲ ਜੁੜੇ ਹੋਣ ਤਾਂ ਖ਼ਤਰਾ ਵਧ ਜਾਂਦਾ ਹੈ। ਅਧਿਐਨ ਦੇ ਸੀਨੀਅਰ ਲੇਖਕ ਟੇਰੈਂਸ ਡਵਾਇਰ ਮੁਤਾਬਕ, ‘ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਤੇ ਸਰਜਰੀ ਦੀ ਉਪਲਬਧਤਾ ਦੇ ਬਾਵਜੂਦ, ਇਸ ਤੋਂ ਬਚਣ ਦੇ ਉਪਾਵਾਂ ਨੂੰ ਅਪਣਾਉਣਾ ਜ਼ਿਆਦਾ ਅਸਰਦਾਰ ਹੁੰਦਾ ਹੈ। ਇਹ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਬਚਾਅ ਦੇ ਉਪਾਵਾਂ ਨੂੰ ਬਚਪਨ ‘ਚ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ।’ ਅਧਿਐਨ ‘ਚ ਆਸਟ੍ਰੇਲੀਆ, ਫਿਨਲੈਂਡ ਤੇ ਅਮਰੀਕਾ ਦੇ 38,589 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਤੇ ਉਨ੍ਹਾਂ ਦੀ ਤਿੰਨ ਤੋਂ 19 ਸਾਲ ਦੀ ਉਮਰ ਤਕ ਨਿਗਰਾਨੀ ਕੀਤੀ ਗਈ। ਅੱਧੇ ਤੋਂ ਜ਼ਿਆਦਾ ਲੋਕਾਂ ‘ਚ ਬਾਲਗ ਹੋਣ ‘ਤੇ ਦਿਲ ਦੇ ਦੌਰੇ ਦੀ ਸ਼ੰਕਾ ਸੀ। ਕੁਝ ਤਾਂ ਅਜਿਹੇ ਸਨ, ਜਿਨ੍ਹਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ ਨੌਂ ਗੁਣਾ ਜ਼ਿਆਦਾ ਸੀ।