
GTA will see a drop in gas prices today
- Canada
- July 7, 2022
- No Comment
- 26
ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਵੀਰਵਾਰ ਨੂੰ ਮਾਮੂਲੀ ਗਿਰਾਵਟ ਦਰਜ ਕੀਤੀ ਜਾਵੇਗੀ।ਕਈ ਮਹੀਨਿਆਂ ਤੋਂ ਗੈਸ ਦੀਆਂ ਕੀਮਤਾਂ ਵਿੱਚ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ।
ਐਨ-ਪ੍ਰੋ ਨੇ ਦੱਸਿਆ ਕਿ ਵੀਰਵਾਰ ਨੂੰ ਜੀਟੀਏ ਦੇ ਬਹੁਤੇ ਸਟੇਸ਼ਨਜ਼ ਉੱਤੇ ਰਾਤੀਂ 12:01 ਤੋਂ ਗੈਸ ਦੀਆਂ ਕੀਮਤਾਂ 12 ਸੈਂਟ ਘਟਣ ਦੀ ਸੰਭਾਵਨਾ ਹੈ। ਇਸ ਗਿਰਾਵਟ ਤੋਂ ਬਾਅਦ ਗੈਸ ਦੀ ਕੀਮਤ ਬਹੁਤੇ ਸਟੇਸ਼ਨਜ਼ ਉੱਤੇ 179·9 ਸੈਂਟ ਪ੍ਰਤੀ ਲੀਟਰ ਹੋ ਜਾਵੇਗੀ।ਇਸ ਰੀਜਨ ਵਿੱਚ ਅਪਰੈਲ ਦੇ ਮੱਧ ਤੋਂ ਲੈ ਕੇ ਹੁਣ ਤੱਕ ਗੈਸ ਦੀਆਂ ਕੀਮਤਾਂ ਨੂੰ ਕੋਈ ਸਾਹ ਨਹੀਂ ਆਇਆ ਹੈ। ਐਨ-ਪ੍ਰੋ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਨੇ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ ਆਉਣ ਵਾਲੀ ਇਸ ਗਿਰਾਵਟ ਨਾਲ ਇਨ੍ਹਾਂ ਕਿਆਫਿਆਂ ਨੂੰ ਹਵਾ ਮਿਲੀ ਹੈ ਕਿ ਆਰਥਿਕ ਮੰਦਵਾੜਾ ਆਉਣ ਵਾਲਾ ਹੈ।
ਮੈਕਨਾਈਟ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਜੈੱਟ ਫਿਊਲ, ਗੈਸੋਲੀਨ ਤੇ ਡੀਜ਼ਲ ਦੀ ਘੱਟ ਰਹੀ ਮੰਗ ਕਾਰਨ ਆਉਣ ਵਾਲੇ ਹਫਤਿਆਂ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਕਮੀ ਆਉਣ ਦਾ ਇਹ ਸਿਲਸਿਲਾ ਜਾਰੀ ਰਹਿ ਸਕਦਾ ਹੈ। ਅਜੇ ਬੁੱਧਵਾਰ ਨੂੰ ਹੀ ਫਿਊਲ ਦੀਆਂ ਕੀਮਤਾਂ ਵਿੱਚ ਪੰਜ ਸੈਂਟ ਨਾਲ ਵਾਧਾ ਹੋਇਆ ਸੀ ਤੇ ਮੈਕਨਾਈਟ ਨੇ ਆਖਿਆ ਕਿ ਕੈਨੇਡਾ ਵਿੱਚ ਭਾਵੇਂ ਕੈਨੇਡਾ ਡੇਅ ਦੀਆਂ ਛੁੱਟੀਆਂ ਕਾਰਨ ਹੋਲਸੇਲ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਪਰ ਅਮਰੀਕਾ ਵਿੱਚ ਇਹ ਤਬਦੀਲੀ ਦਰਜ ਕੀਤੀ ਗਈ। ਇਸ ਹਫਤੇ ਕੈਨੇਡਾ ਵਿੱਚ ਵੀ ਇਨ੍ਹਾਂ ਕੀਮਤਾਂ ਵਿੱਚ ਕਮੀ ਆਉਣ ਦਾ ਸਿਲਸਿਲਾ ਅਗਾਂਹ ਵੀ ਜਾਰੀ ਰਹਿ ਸਕਦਾ ਹੈ।
ਪਹਿਲੀ ਜੁਲਾਈ ਤੋਂ ਫੋਰਡ ਸਰਕਾਰ ਵੱਲੋਂ ਗੈਸ ਟੈਕਸ ਵਿੱਚ 5·7 ਸੈਂਟਸ ਪ੍ਰਤੀ ਲੀਟਰ ਕਟੌਤੀ ਕੀਤੀ ਗਈ ਤੇ ਉਸੇ ਦਿਨ ਕੀਮਤਾਂ ਵਿੱਚ 11 ਸੈਂਟ ਦੀ ਕਮੀ ਦਰਜ ਕੀਤੀ ਗਈ।ਮਾਹਿਰਾਂ ਦਾ ਮੰਨਣਾ ਹੈ ਕਿ ਗੈਸ ਟੈਕਸ ਵਿੱਚ ਕੀਤੀ ਗਈ ਕਟੌਤੀ ਨਾਲ ਗਾਹਕਾਂ ਨੂੰ ਰਾਹਤ ਮਿਲਣੀ ਜਾਰੀ ਰਹੇਗੀ ਪਰ ਬਾਹਰੀ ਕਾਰਨਾਂ ਕਰਕੇ ਇਨ੍ਹਾਂ ਕੀਮਤਾਂ ਉੱਤੇ ਅਸਰ ਪੈ ਸਕਦਾ ਹੈ। ਫੋਰਡ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇ ਮਹਿੰਗਾਈ ਵੱਧ ਰਹਿੰਦੀ ਹੈ ਤਾਂ ਉਹ ਗੈਸ ਟੈਕਸ ਵਿੱਚ ਇਸ ਕਟੌਤੀ ਨੂੰ ਜਾਰੀ ਵੀ ਰੱਖ ਸਕਦੇ ਹਨ।