
ਅਮੇਜ਼ਨ ਨੂੰ ਚੂਨਾ ਲਗਾਉਣ ਵਾਲੇ ਭਾਰਤੀ ਮੂਲ ਦੇ ਸ਼ਖ਼ਸ ਨੂੰ 10 ਮਹੀਨੇ ਦੀ ਹੋਈ ਸਜ਼ਾ
- America
- February 15, 2022
- No Comment
- 45
ਅਮਰੀਕਾ ਵਿਚ ਇੱਕ 28 ਸਾਲਾ ਭਾਰਤੀ ਮੂਲ ਦੇ ਸ਼ਖ਼ਸ ਨੂੰ 10 ਮਹੀਨੇ ਜੇਲ੍ਹ ਦੀ ਸਜ਼ਾ ਹੋਈ ਹੈ। ਅਮੇਜ਼ਨ ਦੇ ਇਸ ਸਾਬਕਾ ਕਰਮਚਾਰੀ ਨੂੰ ਧੋਖਾਧੜੀ ਅਤੇ ਰਿਸ਼ਵਤਖੋਰੀ ਵਿਚ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ ਸਜ਼ਾ ਸੁਣਾਈ।
ਦੱਸਿਆ ਗਿਆ ਕਿ ਕੈਲੀਫੋਰਨੀਆ ਨਾਰਥਰਿਜ ਦੇ ਰਹਿਣ ਵਾਲੇ ਰੋਹਿਤ ਕਦਿਮੀਸ਼ੈਟੀ ਨੇ ਸਤੰਬਰ 2021 ਵਿਚ ਹੀ ਅਪਣੇ ਉਪਰ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ। ਇਸ ਤੋਂ ਬਾਅਦ ਉਸ ਦਾ ਮਾਮਲਾ ਕੋਰਟ ਪਹੁੰਚ ਗਿਆ ਅਤੇ ਹੁਣ ਜੱਜਾਂ ਨੇ ਉਸ ਨੂੰ ਸਜ਼ਾ ਦਿੱਤੀ ਹੈ।
ਅਮਰੀਕਾ ਦੇ ਨਿਆ ਮੰਤਰਾਲੇ ਮੁਤਾਬਕ ਰੋਹਿਤ ਨੂੰ ਇੱਕ ਕੌਮਾਂਤਰੀ ਰਿਸ਼ਵਤਖੋਰੀ ਸਾਜ਼ਿਸ਼ ਵਿਚ ਸ਼ਾਮਲ ਪਾਇਆ ਗਿਆ। ਇਸ ਦੇ ਤਹਿਤ ਉਹ ਅਤੇ ਉਸ ਦੇ ਪੰਜ ਸਾਥੀ ਰਿਸ਼ਵਤਖੋਰੀ ਦੇ ਜ਼ਰੀਏ ਅਮੇਜ਼ਨ ਕੋਲੋਂ ਗੁਪਤ ਜਾਣਕਾਰੀਆਂ ਚੋਰੀ ਕਰਦੇ ਸੀ ਅਤੇ ਸੂਚਨਾ ਜ਼ਰੀਏ ਈ ਕਾਮਰਸ ਕੰਪਨੀ ਦੇ ਮਾਰਕਿਟ ਪਲੇਸ ਪਲੇਟਫਾਰਮ ਨਾਲ ਛੇੜਛਾੜ ਵੀ ਕਰਦੇ ਸੀ। ਅਮੇਜ਼ਨ ਮਾਰਕਿਟ ਪਲੇਸ ਪਲੇਟਫਾਰਮ ਮੁੱਖ ਤੌਰ ’ਤੇ ਅਮੇਜ਼ਨ ਦਾ ਹੀ ਹਿੱਸਾ ਹੈ ਅਤੇ ਇਸ ਦੇ ਜ਼ਰੀਏ ਅਮੇਜ਼ਨ ਥਰਡ ਪਾਰਟੀ ਦੇ ਵਿਕਰੇਤਾਵਾਂ ਨੂੰ ਨਵੇਂ ਅਤੇ ਪੁਰਾਣੇ ਉਤਪਾਦ ਤੈਅ ਕੀਮਤ ’ਤੇ ਵੇਚਣ ਦੀ ਸਹੂਲਤ ਮੁਹੱਈਆ ਕਰਵਾਉਂਦਾ ਹੈ। ਇਸ ਵਿਚ ਅਮੇਜ਼ਨ ਦੇ ਆਫਰ ਵੀ ਲਾਗੂ ਹੁੰਦੇ ਹਨ।
ਵਕੀਲ ਨਿਕ ਬਰਾਊਨ ਨੇ ਕਿਹਾ ਕਿ ਰੋਹਿਤ ਨੂੰ ਦਸ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ’ਤੇ 50 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ। ਨਿਆ ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ, ਰੋਹਿਤ ਨੇ ਅਮੇਜ਼ਨ ਛੱਡਣ ਤੋਂ ਬਾਅਦ ਕੰਪਨੀ ਦੇ ਕੁਝ ਲੋਕਾਂ ਨੂੰ ਰਿਸ਼ਵਤ ਦੇ ਕੇ ਗੁਪਤ ਜਾਣਕਾਰੀਆ ਚੋਰੀ ਕੀਤੀਆਂ ਅਤੇ ਅਮੇਜ਼ਨ ਮਾਰਕਿਟ ਪਲੇਸ ਨੂੰ ਅਪਣੇ ਹਿਸਾਬ ਨਾਲ ਚਲਾਇਆ।