Rojana Punjab
  • Home
  • Editorial
  • ਸਮੁੱਚੇ ਸਮਾਜ ਦੀ ਚਿੰਤਾ ਦਾ ਵੱਡਾ ਤੇ ਵਿੱਸਰਿਆ ਵਿਸ਼ਾ
Editorial

ਸਮੁੱਚੇ ਸਮਾਜ ਦੀ ਚਿੰਤਾ ਦਾ ਵੱਡਾ ਤੇ ਵਿੱਸਰਿਆ ਵਿਸ਼ਾ

ਪੰਜਾਬ ਵਿੱਚ ਗੁੰਡਾ ਕਿਸਮ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦਾ ਅਰਥ ਸਿਰਫ ਇਹੋ ਨਹੀਂ ਕਿ ਸਰਕਾਰ ਤੇ ਅਮਨ-ਕਾਨੂੰਨ ਦੀ ਮਸ਼ੀਨਰੀ ਕੰਮ ਨਹੀਂ ਕਰਦੀ, ਸਗੋਂ ਇਹ ਵੀ ਹੈ ਕਿ ਸਮਾਜ ਵਿੱਚ ਬੇਲਗਾਮ ਦੀਦਾ-ਦਲੇਰੀ ਵਾਲਾ ਰੁਝਾਨ ਏਨਾ ਵਧੀ ਜਾ ਰਿਹਾ ਹੈ ਕਿ ਕਿਸੇ ਥਾਂ ਕੁਝ ਵੀ ਵਾਪਰ ਸਕਦਾ ਹੈ। ਸਰਕਾਰ ਜਾਂ ਪੁਲਸ ਨੂੰ ਇਸ ਵੱਲ ਫਰਜ਼ ਨਿਭਾਉਣ ਦੀ ਲੋੜ ਹੁੰਦੇ ਹੋਏ ਬਾਕੀ ਸਮਾਜ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ। ਸਮਾਜ ਵਿੱਚ ਨਵੇਂ ਰੁਝਾਨ ਬੜੇ ਖਤਰਨਾਕ ਜਾਪਦੇ ਹਨ।
ਇਸ ਦੀ ਇੱਕ ਮਿਸਾਲ ਬੀਤੇ ਹਫਤੇ ਦੇ ਅੰਤ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੁੜਦੇ ਮੋਹਾਲੀ ਦੇ ਕਸਬੇ ਤੋਂ ਸਾਹਮਣੇ ਆਈ ਹੈ। ਓਥੇ ਇੱਕ ਸਰਕਾਰੀ ਅਫਸਰ ਬੀਬੀ ਨੂੰ ਇੱਕ ਸਿਰ-ਫਿਰੇ ਮੁੰਡੇ ਨੇ ਗੋਲੀ ਜਾ ਮਾਰੀ। ਪੰਜਾਬ ਦੇ ਰਾਜਧਾਨੀ ਨਾਲ ਜੁੜਦੇ ਇਸ ਸ਼ਹਿਰ ਵਿੱਚ ਪੁਲਸ ਦੀ ਚੌਕਸੀ ਦਾ ਪੱਧਰ ਚੰਡੀਗੜ੍ਹ ਜਿੰਨਾ ਨਾ ਵੀ ਹੋਵੇ ਤਾਂ ਬਾਕੀ ਪੰਜਾਬ ਤੋਂ ਵੱਧ ਗਿਣਿਆ ਜਾਂਦਾ ਹੈ, ਪਰ ਲੋਕਾਂ ਦੀ ਸੂਝ ਦਾ ਪੱਧਰ ਵੀ ਵਾਹਵਾ ਉੱਚਾ ਲੱਗਦਾ ਹੈ, ਜਿਨ੍ਹਾਂ ਨੇ ਪਿੱਛੇ ਪੈ ਕੇ ਉਸ ਮੁੰਡੇ ਦੇ ਪਿਸਤੌਲ ਦੀ ਪ੍ਰਵਾਹ ਕੀਤੇ ਬਿਨਾਂ ਘੇਰ ਲਿਆ ਤੇ ਪੁਲਸ ਦੇ ਆਉਣ ਤੱਕ ਡਟੇ ਰਹੇ ਸਨ। ਬਾਅਦ ਵਿੱਚ ਮੁੰਡੇ ਦਾ ਕੀ ਬਣਿਆ, ਇਹ ਖਬਰ ਦਾ ਵਿਸ਼ਾ ਹੋਵੇਗਾ, ਸਮਾਜ ਦੇ ਸੋਚਣ ਦਾ ਵਿਸ਼ਾ ਇਸ ਉਮਰ ਦੇ ਮੁੰਡਿਆਂ ਦਾ ਇਹੋ ਜਿਹਾ ਵਿਹਾਰ ਹੋਣਾ ਚਾਹੀਦਾ ਹੈ। ਉਂਜ ਇਸ ਦਾ ਇਹ ਪੱਖ ਹੈਰਾਨੀ ਵਾਲਾ ਹੈ ਕਿ ਜਦੋਂ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਸਾਰੇ ਲੋਕਾਂ ਦੇ ਹਥਿਆਰ ਜਮ੍ਹਾਂ ਕਰਵਾਏ ਜਾ ਰਹੇ ਹਨ ਤਾਂ ਉਸ ਮੁੰਡੇ ਨੂੰ ਚੋਣ ਜ਼ਾਬਤੇ ਲੱਗੇ ਦੌਰਾਨ ਹਥਿਆਰ ਦਾ ਲਾਇਸੈਂਸ ਵੀ ਮਿਲ ਗਿਆ ਤੇ ਹਥਿਆਰਾਂ ਦੀ ਰੋਕ ਦੇ ਬਾਵਜੂਦ ਉਸ ਨੂੰ ਇੱਕ ਅਸਲਾ ਡੀਲਰ ਨੇ ਪਿਸਤੌਲ ਅਤੇ ਕਾਰਤੂਸ ਵੀ ਵੇਚ ਦਿੱਤੇ। ਸ਼ਾਇਦ ਇਸ ਕੰਮ ਵਿੱਚ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨੇ ਉਸ ਦੀ ਮਦਦ ਕੀਤੀ ਹੋਵੇਗੀ ਤੇ ਇਹੋ ਜਿਹੇ ਕਥਿਤ ਪ੍ਰਭਾਵਸ਼ਾਲੀ ਵਿਅਕਤੀ ਹੀ ਸਮਾਜ ਦਾ ਨੁਕਸਾਨ ਕਰਦੇ ਪਏ ਹਨ।
ਗੁਰਦਾਸਪੁਰ ਵਿੱਚ ਇੱਕ ਥਾਂ ਕੁੜੀਆਂ ਇੱਕ ਵੈਨ ਵਿੱਚ ਕਿਸੇ ਨੇੜਲੇ ਸਕੂਲ ਵਿੱਚ ਇਮਤਿਹਾਨ ਦੇਣ ਜਾ ਰਹੀਆਂ ਸਨ ਤੇ ਸਿਰ-ਫਿਰੇ ਮੁੰਡਿਆਂ ਦੀ ਇੱਕ ਢਾਣੀ ਉਸ ਵੈਨ ਦੇ ਮਗਰ ਲੱਗ ਗਈ। ਉਹ ਰਾਹ ਵਿੱਚ ਉਨ੍ਹਾਂ ਕੁੜੀਆਂ ਬਾਰੇ ਅਸ਼ਲੀਲ ਤੇ ਭੱਦੀ ਕਿਸਮ ਦੀਆਂ ਟਿੱਪਣੀਆਂ ਕਰਦੇ ਗਏ। ਇੱਕ ਥਾਂ ਉਨ੍ਹਾਂ ਨੇ ਵੈਨ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ। ਵੈਨ ਦਾ ਡਰਾਈਵਰ ਭਜਾ ਕੇ ਲੈ ਗਿਆ ਤਾਂ ਸਕੂਲ ਦੇ ਬਾਹਰ ਜਾ ਘੇਰਿਆ ਅਤੇ ਕੁੱਟ ਕੇ ਉਸ ਨੂੰ ਜ਼ਖਮੀ ਕਰ ਦੇਣ ਦੀ ਖਬਰ ਹੈ। ਮੋਹਾਲੀ ਵਾਂਗ ਇਹ ਘਟਨਾ ਵੀ ਸਿਰਫ ਕਾਨੂੰਨ ਦੀ ਸਥਿਤੀ ਦੇ ਪੱਖੋਂ ਨਹੀਂ, ਸਾਡੇ ਸਮਾਜ ਦੀ ਜਵਾਨੀ ਦੀ ਮਾਨਸਿਕਤਾ ਵਿੱਚ ਪੈਦਾ ਹੋਈ ਜਾਂਦੀ ਤੇ ਲਗਾਤਾਰ ਵਧਦੀ ਜਾ ਰਹੀ ਗਿਰਾਵਟ ਦਾ ਨਮੂਨਾ ਹੈ। ਇਸ ਬਾਰੇ ਸਮੁੱਚੇ ਸਮਾਜ ਨੂੰ ਸੋਚਣਾ ਚਾਹੀਦਾ ਹੈ।
ਜਗਰਾਓਂ ਤੋਂ ਇਹ ਖਬਰ ਆਈ ਹੈ ਕਿ ਇੱਕ ਸਿਰ-ਫਿਰੇ ਮੁੰਡੇ ਨੇ ਇੱਕ ਨਰਸ ਕੁੜੀ ਨੂੰ ਘੇਰ ਕੇ ਗੋਲੀ ਮਾਰੀ ਤੇ ਦੌੜਨ ਦਾ ਯਤਨ ਕੀਤਾ। ਓਥੇ ਵੀ ਲੋਕਾਂ ਨੇ ਹਿੰਮਤ ਕਰ ਕੇ ਘੇਰ ਲਿਆ ਤੇ ਪੁਲਸ ਦੇ ਆਉਣ ਤੱਕ ਭੱਜਣ ਨਹੀਂ ਦਿੱਤਾ। ਪੁਲਸ ਆਈ ਤਾਂ ਜੋ ਕੁਝ ਵਾਪਰਿਆ, ਉਹ ਇੱਕ ਤਰ੍ਹਾਂ ਇਸ ਖਬਰ ਦਾ ਵਿਸਥਾਰ ਹੀ ਹੈ, ਇਸ ਦਾ ਮੂਲ ਕਾਰਨ ਨਹੀਂ। ਮੂਲ ਕਾਰਨ ਇਸ ਦਾ ਫਿਰ ਇਹੋ ਹੈ ਕਿ ਜਵਾਨੀ ਕੁਰਾਹੇ ਪੈ ਕੇ ਇਸ ਵਕਤ ਉਹ ਕੁਝ ਕਰ ਰਹੀ ਹੈ, ਜਿਸ ਬਾਰੇ ਸਾਰਿਆਂ ਨੂੰ ਸੋਚਣ ਦੀ ਲੋੜ ਹੈ।
ਇਸ ਤੋਂ ਹਟ ਕੇ ਇੱਕ ਹੋਰ ਪੱਖ ਬਾਰੇ ਵੀ ਸੋਚਣ ਦੀ ਲੋੜ ਹੈ। ਇੱਕ ਥਾਂ ਤਿੰਨ ਮੁੰਡੇ ਤੁਰੇ ਜਾਂਦੇ ਸਨ, ਇੱਕ ਜਣਾ ਨਹਿਰ ਵਿੱਚ ਜਾ ਵੜਿਆ। ਉਹ ਰੁੜ੍ਹਨ ਲੱਗ ਪਿਆ ਤਾਂ ਨਾਲ ਦੇ ਸਾਥੀ ਬਚਾਉਣ ਲਈ ਅੱਗੇ ਹੋਏ ਅਤੇ ਉਹ ਵੀ ਰੁੜ੍ਹ ਗਏ। ਕੋਲ ਜਾਂਦੇ ਬਹੁਤ ਸਾਰੇ ਲੋਕਾਂ ਨੇ ਹਿੰਮਤ ਕੀਤੀ ਅਤੇ ਉਨ੍ਹਾਂ ਵਿੱਚੋਂ ਸ਼ਾਇਦ ਇੱਕ ਨੂੰ ਬਚਾਇਆ ਗਿਆ, ਬਾਕੀਆਂ ਦੀ ਮੌਤ ਹੋ ਗਈ। ਏਦਾਂ ਦੇ ਕਈ ਮੌਕੇ ਪਹਿਲਾਂ ਵੀ ਆਏ ਹਨ, ਜਦੋਂ ਕਿਸੇ ਥਾਂ ਕਿਸੇ ਨੌਜਵਾਨ ਨੇ ਸੈਲਫੀ ਲੈਣ ਜਾਂ ਬਾਕੀਆਂ ਨੂੰ ਜ਼ਿੰਦਾਦਿਲੀ ਦਿਖਾਉਣ ਦੇ ਲਈ ਕੋਈ ਦਿਲ-ਵਧੀ ਕੀਤੀ ਅਤੇ ਫਿਰ ਉਸ ਦੀ ਜਾਨ ਨਹੀਂ ਸੀ ਬਚ ਸਕੀ। ਜਵਾਨੀ ਕੁਰਾਹੇ ਪਈ ਹੋਣ ਕਾਰਨ ਹੀ ਇਹ ਗੱਲਾਂ ਵੀ ਵਾਪਰਦੀਆਂ ਹਨ ਤੇ ਕੋਈ ਇਨ੍ਹਾਂ ਨੂੰ ਰੋਕਣ ਦੀ ਲੋੜ ਨਹੀਂ ਸਮਝਦਾ, ਸਿਰਫ ਖਬਰ ਹੀ ਪੜ੍ਹੀ ਜਾਂਦੀ ਹੈ।
ਸਰਕਾਰ ਕਹਿੰਦੀ ਹੈ ਕਿ ਨਹਿਰਾਂ ਅਤੇ ਦਰਿਆਵਾਂ ਵਿੱਚ ਗੰਦ ਪਾਉਣਾ ਗਲਤ ਹੈ, ਪਰ ਇਹ ਕੰਮ ਇਸ ਹੱਦ ਤੱਕ ਚੱਲਦਾ ਹੈ ਕਿ ਹਰ ਰੋਜ਼ ਅਸੀਂ ਲੋਕਾਂ ਨੂੰ ਦਰਿਆ ਵਿੱਚ ਉੱਤਰਦੇ ਅਤੇ ਸਮਗਰੀ ਭੇਟ ਕਰਦੇ ਵੇਖਦੇ ਹਾਂ। ਜਿਹੜੇ ਲੋਕ ਵੇਖਦੇ ਨਹੀਂ, ਉਹ ਇਸ ਬਾਰੇ ਓਦੋਂ ਜਾਣ ਲੈਂਦੇ ਹਨ, ਜਦੋਂ ਸਵੇਰੇ ਅਖਬਾਰ ਵਿੱਚ ਪੜ੍ਹਦੇ ਹਨ ਕਿ ਸਮਗਰੀ ਭੇਟ ਕਰਨ ਵੇਲੇ ਐਨੇ ਜਣੇ ਉਸ ਨਦੀ ਜਾਂ ਦਰਿਆ ਦੇ ਵਹਿਣ ਵਿੱਚ ਰੁੜ੍ਹ ਗਏ ਹਨ। ਜਿੰਨੀਆਂ ਮੌਤਾਂ ਇਹੋ ਜਿਹੀਆਂ ਪੰਜਾਬ ਵਿੱਚ ਅੱਜ-ਕੱਲ੍ਹ ਹੋ ਰਹੀਆਂ ਹਨ, ਉਨ੍ਹਾਂ ਦਾ ਅੰਕੜਾ ਪੰਜਾਬ ਵਿੱਚ ਹੁੰਦੇ ਰਹਿੰਦੇ ਕਤਲਾਂ ਦੇ ਨੇੜੇ-ਤੇੜੇ ਚਲਾ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਰਾਜ ਸਰਕਾਰ ਇਸ ਨੂੰ ਵੀ ਰੋਕਣ ਦੀ ਚਿੰਤਾ ਨਹੀਂ ਕਰਦੀ ਤੇ ਸਮਾਜ ਵੀ ਇਸ ਨੂੰ ਆਮ ਜਿਹਾ ਵਰਤਾਰਾ ਸਮਝੀ ਬੈਠਾ ਹੈ।
ਅਸੀਂ ਲੋਕ ਜਦੋਂ ਇਹ ਖਬਰ ਪੜ੍ਹਦੇ ਹਾਂ ਕਿ ਫਲਾਣੇ ਥਾਂ ਕਤਲ ਹੋ ਗਿਆ ਹੈ ਤਾਂ ਪਹਿਲਾ ਰੋਸ ਮੌਕੇ ਦੀ ਰਾਜ ਸਰਕਾਰ ਦੇ ਖਿਲਾਫ ਹੁੰਦਾ ਹੈ ਕਿ ਉਸ ਨੂੰ ਲੋਕਾਂ ਦੀ ਜਾਨ ਦੀ ਚਿੰਤਾ ਨਹੀਂ। ਇੱਕ ਹੱਦ ਤੱਕ ਇਹ ਗੱਲ ਠੀਕ ਵੀ ਹੈ। ਇਸ ਦੇ ਨਾਲ ਸਮਝਣ ਵਾਲੀ ਗੱਲ ਸਾਨੂੰ ਇਹ ਵੀ ਮੰਨਣੀ ਚਾਹੀਦੀ ਹੈ ਕਿ ਕਿਸੇ ਸਮਾਜ ਵਿੱਚ ਹਰ ਘਰ ਵਿੱਚ ਕਤਲ ਹੁੰਦੇ ਰੋਕਣ ਜਾਂ ਹਰ ਥਾਂ ਕਿਸੇ ਨੂੰ ਦਿਲ-ਵਧੀ ਕਰਦਾ ਹੋਵੇ ਤਾਂ ਵਰਜਣ ਲਈ ਪੁਲਸ ਵਾਲਾ ਨਹੀਂ ਬਿਠਾਇਆ ਜਾਂਦਾ। ਅਮਰੀਕਾ ਵਿੱਚ ਪੁਲਸ ਦੀ ਸਖਤੀ ਦੀ ਗੱਲ ਸਾਰੀ ਦੁਨੀਆ ਵਿੱਚ ਸੁਣਦੀ ਹੈ, ਪਰ ਇਸ ਦੇ ਬਾਵਜੂਦ ਉਸ ਦੇਸ਼ ਵਿੱਚ ਹੋਣ ਵਾਲੇ ਬਲਾਤਕਾਰਾਂ ਦੀ ਗਿਣਤੀ ਰੂਸ ਦੇ ਮੁਕਾਬਲੇ ਵੱਧ ਦੱਸੀ ਜਾ ਰਹੀ ਹੈ। ਰੂਸ ਵਿੱਚ ਵੀ ਪੁਲਸ ਹਰ ਘਰ ਵਿੱਚ ਬੈਠੀ ਹੋਈ ਨਹੀਂ ਹੋ ਸਕਦੀ। ਕਤਲ ਹੋਣ ਜਾਂ ਕਿਸੇ ਵੀ ਕਿਸਮ ਦਾ ਹੋਰ ਅਪਰਾਧ, ਇਨ੍ਹਾਂ ਦੇ ਪਿੱਛੇ ਇੱਕ ਮਾਨਸਿਕਤਾ ਕੰਮ ਕਰਦੀ ਹੈ ਤੇ ਸਾਨੂੰ ਇਹ ਮੰਨਣ ਵਿੱਚ ਝਿਜਕ ਮਹਿਸੂਸ ਹੁੰਦੀ ਹੈ ਕਿ ਸਾਡਾ ਸਮਾਜ ਅਪਰਾਧੀ ਪ੍ਰਵਿਰਤੀ ਵਾਲੇ ਪਾਸੇ ਵੱਲ ਏਨੀ ਤੇਜ਼ੀ ਨਾਲ ਰਿੜ੍ਹੀ ਜਾਂਦਾ ਹੈ ਕਿ ਇੱਕ ਦਿਨ ਇਸ ਅੱਗੇ ਰੋਕ ਲਾਉਣੀ ਵੀ ਸ਼ਾਇਦ ਮੁਸ਼ਕਲ ਹੋ ਜਾਵੇਗੀ। ਭਾਰਤ-ਪਾਕਿ ਵੰਡ ਦੇ ਵਕਤ ਹੋਏ ਕਤਲਾਂ ਬਾਰੇ ਅੰਮ੍ਰਿਤਾ ਪ੍ਰੀਤਮ ਨੇ ਜਦੋਂ ਇਹ ਗੱਲ ਕਹੀ ਸੀ ਕਿ ‘ਇਸ ਜ਼ਰਖੇਜ਼ ਜ਼ਮੀਨ ਦੇ ਲੂੰ-ਲੂੰ ਫੁੱਟਿਆ ਜ਼ਹਿਰ, ਗਿੱਠ-ਗਿੱਠ ਚੜ੍ਹੀਆਂ ਲਾਲੀਆਂ ਤੇ ਗੋਡੇ-ਗੋਡੇ ਕਹਿਰ’ ਤਾਂ ਸਿਰਫ ਉਸ ਦੌਰ ਦੀ ਕਹਾਣੀ ਨਹੀਂ ਸੀ ਰਹਿ ਗਈ। ਉਸ ਦੌਰ ਤੋਂ ਬਾਅਦ ਵੀ ਇਹ ਕਹਿਰ ਵਧਦਾ ਗਿਆ ਹੈ। ਕਿਸੇ ਵੀ ਦੇਸ਼ ਦੀ ਫੌਜ ਕੋਈ ਜੰਗ ਲੜ ਕੇ ਹਟੇ ਤਾਂ ਉਸ ਦਾ ਡਿਸਿਪਲਿਨ ਕਾਇਮ ਕਰਨ ਲਈ ਅਗਲੇ ਦੋ ਸਾਲ ਕੋਰਸ ਚਲਾਉਣੇ ਪੈਂਦੇ ਹਨ, ਪਰ ਸਾਡੇ ਇਸ ਦੇਸ਼ ਨੇ ਜਿੱਦਾਂ ਦੇ ਦੌਰ ਦੇਸ਼ ਦੀ ਵੰਡ ਤੇ ਉਸ ਪਿੱਛੋਂ ਕਈ ਵਾਰ ਵੇਖੇ ਅਤੇ ਭੁਗਤੇ ਹਨ, ਉਸ ਦੇ ਬਾਅਦ ਲੋਕਾਂ ਨੂੰ ਸਮਾਜੀ ਫਰਜ਼ਾਂ ਵੱਲ ਮੋੜਨ ਲਈ ਕਦੇ ਕੋਈ ਠੋਸ ਕੋਸ਼ਿਸ਼ ਨਹੀਂ ਹੋਈ। ਭਾਰਤ ਤੇ ਪੰਜਾਬ ਇਸ ਵਕਤ ਆਪਣੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇਹੋ ਜਿਹੇ ਮਾੜੇ ਤੇ ਅਵੱਲੇ ਮੋੜ ਦਾ ਸ਼ਿਕਾਰ ਹੋ ਰਿਹਾ ਹੈ ਕਿ ਇਸ ਮਾਨਸਿਕਤਾ ਨੂੰ ਕੋਈ ਰਾਜਨੀਤਕ ਮਨੋਰਥਾਂ ਦੇ ਲਈ ਵੀ ਗਲਤ ਸੋਚ ਨਾਲ ਵੀ ਵਰਤਣਾ ਚਾਹੇ ਤਾਂ ਵਰਤ ਸਕਦਾ ਹੈ। ਇਹ ਸਮੁੱਚੇ ਸਮਾਜ ਦੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।

Related posts

People of Punjab do not want such “Captain Government”

Rojanapunjab

ਸ਼ਹੀਦਾਂ ਦੀਆਂ ਲਾਸ਼ਾਂ ‘ਤੇ ਵੋਟਾਂ ਦੀ ਰਾਜਨੀਤੀ

Rojanapunjab

Universities postponed examinations due to corporation elections

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy