Rojana Punjab
  • Home
  • Sports
  • ਵਿਸ਼ਵ ਕੱਪ: ਲੀਗ ਗੇੜ ਦੇ ਨੌਂ ਮੈਚ ਖੇਡੇਗਾ ਭਾਰਤ
Sports

ਵਿਸ਼ਵ ਕੱਪ: ਲੀਗ ਗੇੜ ਦੇ ਨੌਂ ਮੈਚ ਖੇਡੇਗਾ ਭਾਰਤ

ਵਿਸ਼ਵ ਕੱਪ ਵਿੱਚ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ੁਮਾਰ ਭਾਰਤ 30 ਮਈ ਤੋਂ ਇੰਗਲੈਂਡ ਵਿੱਚ ਸ਼ੁਰੂ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਦੇ ਲੀਗ ਗੇੜ ਦੇ ਨੌਂ ਮੈਚ ਛੇ ਮੈਦਾਨਾਂ ’ਤੇ ਖੇਡੇਗਾ, ਜਿਨ੍ਹਾਂ ਵਿੱਚੋਂ ਬਰਮਿੰਘਮ ਦਾ ਐਜਬੈਸਟਨ ਵੀ ਸ਼ਾਮਲ ਹੈ, ਜਿੱਥੇ ਉਸ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ। ਇੱਥੇ ਭਾਰਤ ਨੇ ਦੋ ਮੈਚ ਖੇਡਣੇ ਹਨ। ਭਾਰਤ ਨੇ ਐਜਬੈਸਟਨ ਵਿੱਚ ਹੁਣ ਤੱਕ ਦਸ ਇੱਕ ਰੋਜ਼ਾ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਸੱਤ ਵਿੱਚ ਜਿੱਤ ਅਤੇ ਸਿਰਫ਼ ਤਿੰਨ ਵਿੱਚ ਹਾਰ ਮਿਲੀ ਹੈ।
ਉਸ ਨੇ 2013 ਤੋਂ ਇੱਥੇ ਲਗਾਤਾਰ ਪੰਜ ਮੈਚ ਜਿੱਤੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਖ਼ਿਲਾਫ਼ ਆਈਸੀਸੀ ਚੈਂਪੀਅਨਜ਼ ਟਰਾਫੀ 2013 ਅਤੇ 2017 ਵਿੱਚ ਕ੍ਰਮਵਾਰ ਅੱਠ ਵਿਕਟਾਂ ਅਤੇ 124 ਦੌੜਾਂ ਦੀਆਂ ਦੋ ਵੱਡੀਆਂ ਜਿੱਤਾਂ ਵੀ ਸ਼ਾਮਲ ਹਨ। ਐਜਬੈਸਟਨ ਵਿੱਚ ਭਾਰਤ ਦਾ ਮੁਕਾਬਲਾ ਮੇਜ਼ਬਾਨ ਇੰਗਲੈਂਡ (30 ਜੂਨ) ਅਤੇ ਬੰਗਲਾਦੇਸ਼ (ਦੋ ਜੁਲਾਈ) ਨਾਲ ਹੋਵੇਗਾ। ਇੰਗਲੈਂਡ ਖ਼ਿਲਾਫ਼ ਭਾਰਤ ਨੇ ਇੱਥੇ ਚਾਰ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਤਿੰਨ ਵਿੱਚ ਉਸ ਨੂੰ ਜਿੱਤ ਮਿਲੀ ਹੈ। ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਮੁਕਾਬਲਾ 16 ਜੂਨ ਨੂੰ ਓਲਡ ਟਰੈਫਰਡ, ਮੈਨਚੈਸਟਰ ਵਿੱਚ ਹੋਵੇਗਾ, ਜਿੱਥੇ ਉਸ ਨੇ 2007 ਮਗਰੋਂ ਕੋਈ ਇੱਕ ਰੋਜ਼ਾ ਨਹੀਂ ਖੇਡਿਆ। ਇਸ ਮੈਦਾਨ ’ਤੇ ਭਾਰਤ ਨੇ ਅੱਠ ਮੈਚਾਂ ਵਿੱਚੋਂ ਤਿੰਨ ਵਿੱਚ ਜਿੱਤ ਦਰਜ ਕੀਤੀ ਅਤੇ ਪੰਜ ਵਿੱਚ ਉਸ ਨੂੰ ਹਾਰ ਮਿਲੀ ਹੈ। ਭਾਰਤ ਨੇ ਹਾਲਾਂਕਿ ਵਿਸ਼ਵ ਕੱਪ 1999 ਵਿੱਚ ਪਾਕਿਸਤਾਨ ਨੂੰ ਇਸ ਮੈਦਾਨ ’ਤੇ 47 ਦੌੜਾਂ ਨਾਲ ਹਰਾਇਆ ਸੀ। ਮੈਨਚੈਸਟਰ ਵਿੱਚ ਭਾਰਤ 27 ਜੂਨ ਨੂੰ ਵੈਸਟ ਇੰਡਜ਼ ਖ਼ਿਲਾਫ਼ ਖੇਡੇਗਾ। ਭਾਰਤ ਨੇ 1983 ਵਿਸ਼ਵ ਕੱਪ ਦੇ ਲੀਗ ਗੇੜ ਵਿੱਚ ਇਸੇ ਮੈਦਾਨ ’ਤੇ ਕੈਰੇਬਿਆਈ ਟੀਮ ਨੂੰ 34 ਦੌੜਾਂ ਨਾਲ ਹਰਾ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ, ਪਰ ਇਸ ਮਗਰੋਂ ਦੋਵੇਂ ਟੀਮਾਂ ਕਦੇ ਇਸ ਮੈਦਾਨ ’ਤੇ ਆਹਮੋ-ਸਾਹਮਣੇ ਨਹੀਂ ਹੋਈਆਂ।
ਵਿਰਾਟ ਕੋਹਲੀ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਪੰਜ ਜੂਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਰੋਜ਼ ਬਾਊਲ, ਸਾਊਥੈਂਪਟਨ ’ਤੇ ਕਰੇਗੀ, ਜਿਸ ਵਿੱਚ ਭਾਰਤੀ ਰਿਕਾਰਡ ਤਿੰਨ ਮੈਚਾਂ ਵਿੱਚ ਇੱਕ ਜਿੱਤ ਅਤੇ ਦੋ ਹਾਰ ਦਾ ਹੈ। ਦੱਖਣੀ ਅਫਰੀਕਾ ਤੋਂ ਇਲਾਵਾ ਅਫ਼ਗਾਨਿਸਤਾਨ (22 ਜੂਨ) ਤੋਂ ਵੀ ਭਾਰਤ ਇਸੇ ਮੈਦਾਨ ’ਤੇ ਭਿੜੇਗਾ। ਆਸਟਰੇਲੀਆ ਦੀ ਚੁਣੌਤੀ ਦਾ ਸਾਹਮਣਾ ਭਾਰਤੀ ਟੀਮ ਨੌਂ ਜੂਨ ਨੂੰ ਓਵਲ ਵਿੱਚ ਕਰੇਗੀ। ਭਾਰਤ ਨੇ ਇਸ ਮੈਦਾਨ ’ਤੇ ਸਭ ਤੋਂ ਵੱਧ 15 ਇੱਕ ਰੋਜ਼ਾ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੇ ਸਿਰਫ਼ ਪੰਜ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਨੌਂ ਗੁਆਏ ਹਨ ਅਤੇ ਇੱਕ ਮੈਚ ਬੇ-ਨਤੀਜਾ ਰਿਹਾ। ਭਾਰਤੀ ਟੀਮ ਨਿਊਜ਼ੀਲੈਂਡ (13 ਜੂਨ) ਨਾਲ ਟ੍ਰੈਂਟਬ੍ਰਿਜ, ਨਾਟਿੰਘਮ ਵਿੱਚ ਅਤੇ ਸ੍ਰੀਲੰਕਾ (ਛੇ ਜੁਲਾਈ) ਨਾਲ ਹੇਡਿੰਗਲੇ, ਲੀਡਜ਼ ਵਿੱਚ ਟੱਕਰੇਗੀ। ਨਾਟਿੰਘਮ ਵਿੱਚ ਭਾਰਤੀ ਟੀਮ ਨੂੰ ਸੱਤ ਮੈਚਾਂ ਵਿੱਚੋਂ ਤਿੰਨ ਵਿੱਚ ਜਿੱਤ ਅਤੇ ਤਿੰਨ ਵਿੱਚ ਹੀ ਹਾਰ ਝੱਲਣੀ ਪਈ ਹੈ। ਨਿਊਜ਼ੀਲੈਂਡ ਖ਼ਿਲਾਫ਼ ਭਾਰਤੀ ਟੀਮ ਨੇ ਹਾਲਾਂਕਿ ਵਿਸ਼ਵ ਕੱਪ ਵਿੱਚ ਇੰਗਲੈਂਡ ਵਿੱਚ ਜੋ ਤਿੰਨ ਮੈਚ ਖੇਡੇ ਹਨ, ਉਨ੍ਹਾਂ ਵਿੱਚ ਉਸ ਨੂੰ ਹਾਰ ਮਿਲੀ ਹੈ।ਲੀਡਜ਼ ਵਿੱਚ ਭਾਰਤੀ ਟੀਮ ਦਸਵਾਂ ਮੈਚ ਖੇਡਣ ਲਈ ਉਤਰੇਗੀ। ਉਸ ਨੇ ਅਜੇ ਤੱਕ ਇਸੇ ਮੈਦਾਨ ’ਤੇ ਨੌਂ ਮੈਚਾਂ ਵਿੱਚੋਂ ਤਿੰਨ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਭਾਰਤ ਅਤੇ ਸ੍ਰੀਲੰਕਾ ਲੀਡਜ਼ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ।

Related posts

IND vs AUS : ਧੋਨੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ‘ਚ ਰਚਿਆ ਇਤਿਹਾਸ, 2-1 ਨਾਲ ਜਿੱਤੀ ਸੀਰੀਜ਼

Rojanapunjab

ਵਰਲਡ ਕੱਪ : ਕੁਲਦੀਪ ਯਾਦਵ ਨੇ ਟੀਮ ਇੰਡੀਆ ਨੂੰ ਇਨ੍ਹਾਂ ਦੋਹਾਂ ਟੀਮਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ

Rojanapunjab

ਨਹਿਰਾ ਨੇ ਭਾਰਤ ਦੀ ਵਰਲਡ ਕੱਪ ਟੀਮ ‘ਚ ਪੰਤ ਨੂੰ ਚੁਣਨ ਦੇ ਸਮਰਥਨ ਦੇ ਦੱਸੇ ਕਾਰਨ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy