Rojana Punjab
  • Home
  • Editorial
  • ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਸਰਗਰਮੀ ਸ਼ੁਰੂ
Editorial

ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਸਰਗਰਮੀ ਸ਼ੁਰੂ

ਅਗਲੇ ਮਹੀਨੇ ਦੇ ਪਹਿਲੇ ਦਿਨਾਂ ਵਿੱਚ ਕੇਂਦਰ ਸਰਕਾਰ ਦਾ ਬੱਜਟ ਪੇਸ਼ ਹੋ ਜਾਣਾ ਹੈ। ਇਸ ਦੇ ਨਾਲ ਹੀ ਲੋਕ ਸਭਾ ਦੀਆਂ ਚੋਣਾਂ ਲਈ ਐਲਾਨ ਹੋ ਸਕਦਾ ਹੈ। ਜੇ ਫਰਵਰੀ ਦੇ ਅੱਧ ਵਿੱਚ ਇਸ ਤਰ੍ਹਾਂ ਦਾ ਐਲਾਨ ਹੋਣਾ ਹੋਵੇ ਤਾਂ ਮਸਾਂ ਇੱਕ ਮਹੀਨਾ ਬਾਕੀ ਰਹਿੰਦਾ ਹੈ। ਇਸ ਨੂੰ ਵੇਖਦੇ ਹੋਏ ਪੰਜਾਬ ਵਿੱਚ ਸਿਆਸੀ ਭੱਜ-ਟੁੱਟ ਇੱਕਦਮ ਤੇਜ਼ ਹੋ ਗਈ ਜਾਪਦੀ ਹੈ। ਉਂਜ ਇਸ ਵਾਰੀ ਇਹ ਸਰਗਰਮੀ ਪੰਜਾਬ ਵਿੱਚ ਅਗੇਤੀ ਹੀ ਨਹੀਂ, ਬਹੁਤ ਜ਼ਿਆਦਾ ਦਿਲਚਸਪੀ ਪੈਦਾ ਕਰਨ ਵਾਲੀ ਵੀ ਹੈ।
ਇਸ ਮੰਗਲਵਾਰ ਨੂੰ ਕਾਂਗਰਸ ਦੇ ਦੋ ਵਾਰੀਆਂ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੇ ਪਾਰਟੀ ਛੱਡੀ ਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਉਨ੍ਹਾ ਦਾ ਸਵਾਗਤ ਕੀਤਾ ਹੈ। ਜੋਗਿੰਦਰ ਸਿੰਘ ਨੂੰ ਪਿਛਲੀ ਚੋਣ ਮੌਕੇ ਕਾਂਗਰਸ ਨੇ ਟਿਕਟ ਨਹੀਂ ਸੀ ਦਿੱਤੀ ਤੇ ਓਦੋਂ ਤੋਂ ਉਹ ਨਾਰਾਜ਼ ਸਮਝੇ ਜਾ ਰਹੇ ਸਨ। ਪਾਰਟੀ ਨੇ ਹਲਕਾ ਇੰਚਾਰਜ ਤਾਂ ਬਣਾਇਆ ਸੀ, ਪਰ ਸਿਆਸੀ ਬੰਦਿਆਂ ਦੀ ਏਨੇ ਕੁ ਨਾਲ ਤਸੱਲੀ ਨਹੀਂ ਹੋਇਆ ਕਰਦੀ। ਉਨ੍ਹਾ ਨੇ ਪਾਰਟੀ ਛੱਡਣ ਵੇਲੇ ਕਈ ਕਿਸਮ ਦੇ ਦੋਸ਼ ਓਸੇ ਪਾਰਟੀ ਉੱਤੇ ਲਾ ਦਿੱਤੇ ਹਨ, ਜਿਸ ਵਿੱਚ ਉਹ ਏਨੇ ਸਾਲ ਰਹੇ ਸਨ। ਅਸਲੀ ਗੱਲ ਇਹ ਹੈ ਕਿ ਲੋਕ ਸਭਾ ਚੋਣ ਲਈ ਅਕਾਲੀ ਦਲ ਨੇ ਉਨ੍ਹਾ ਨੂੰ ਫਰੀਦਕੋਟ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕੀਤੀ ਸੁਣੀਂਦੀ ਹੈ। ਇਸ ਤਰ੍ਹਾਂ ਹੋ ਗਿਆ ਤਾਂ ਇਹ ਇਸ ਲੋਕ ਸਭਾ ਚੋਣ ਲਈ ਪਹਿਲੀ ਦਲ-ਬਦਲੀ ਹੋਵੇਗੀ ਤੇ ਇਸ ਦੇ ਅਸਰ ਹੇਠ ਅਕਾਲੀ ਦਲ ਦੀ ਟਿਕਟ ਲੈਣ ਵਾਲੇ ਚਾਹਵਾਨਾਂ ਵਿੱਚੋਂ ਵੀ ਜਿਹੜੇ ਕੁਝ ਲੋਕਾਂ ਦੀ ਨਾਰਾਜ਼ਗੀ ਦੀ ਗੱਲ ਸੁਣੀਂਦੀ ਹੈ, ਉਹ ਓਧਰੋਂ ਛੱਡ ਸਕਦੇ ਹਨ।
ਲੋਕ ਸਭਾ ਚੋਣਾਂ ਵੱਲ ਵੇਖ ਕੇ ਹੀ ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਮਾਸਟਰ ਬਲਦੇਵ ਸਿੰਘ ਨੇ ਕੱਲ੍ਹ ਪਾਰਟੀ ਤੋਂ ਆਪਣਾ ਅਸਤੀਫਾ, ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਮੇਲ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਕਿ ਜਿਸ ਜੈਤੋ ਦੇ ਵਿਧਾਨ ਸਭਾ ਹਲਕੇ ਤੋਂ ਮਾਸਟਰ ਬਲਦੇਵ ਸਿੰਘ ਵਿਧਾਇਕ ਹਨ, ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਜੋਗਿੰਦਰ ਸਿੰਘ ਪੰਜਗਰਾਈਂ ਦਾ ਹਲਕਾ ਵੀ ਉਹੋ ਹੈ। ਅਗਲੀ ਗੱਲ ਇਹ ਕਿ ਉਸ ਨੂੰ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਿਸ ਫਰੀਦਕੋਟ ਹਲਕੇ ਤੋਂ ਲੋਕ ਸਭਾ ਲਈ ਚੋਣ ਲੜਾਉਣ ਬਾਰੇ ਚਰਚਾ ਹੈ, ਮਾਸਟਰ ਬਲਦੇਵ ਸਿੰਘ ਵੀ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਬਣਾਈ ਪੰਜਾਬੀ ਏਕਤਾ ਪਾਰਟੀ ਵੱਲੋਂ ਓਸੇ ਫਰੀਦਕੋਟ ਹਲਕੇ ਤੋਂ ਲੋਕ ਸਭਾ ਲਈ ਚੋਣ ਲੜਨ ਵਾਲੇ ਹਨ। ਆਪੋ ਆਪਣੀ ਪਾਰਟੀ ਨੂੰ ਛੱਡ ਕੇ ਨਵੀਂ ਧਿਰ ਵੱਲੋਂ ਚੋਣ ਲੜਨ ਵਾਲੇ ਦੋ ਉਮੀਦਵਾਰ ਤਾਂ ਫਰੀਦਕੋਟ ਵੱਲੋਂ ਇੱਕ ਤਰ੍ਹਾਂ ਨਾਲ ਪੇਸ਼ ਕੀਤੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਸਾਧੂ ਸਿੰਘ ਨੇ ਚੋਣ ਲੜਨੀ ਹੈ, ਇਸ ਦੇ ਬਾਅਦ ਕਾਂਗਰਸ ਵੱਲੋਂ ਉਮੀਦਵਾਰ ਦਾ ਨਾਂਅ ਸਾਹਮਣੇ ਆਉਣਾ ਰਹਿ ਗਿਆ ਹੈ, ਬਾਕੀ ਨਕਸ਼ਾ ਲੱਗਭੱਗ ਸਾਫ ਹੈ। ਜਿਹੜੀ ਸਥਿਤੀ ਇਸ ਹਲਕੇ ਦੀ ਬਣੀ ਦਿਖਾਈ ਦੇਂਦੀ ਹੈ, ਜੇ ਇਸੇ ਤਰ੍ਹਾਂ ਦੀ ਕੁਝ ਹੋਰਨੀਂ ਥਾਂਈਂ ਵੀ ਬਣ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ।
ਤੀਸਰੀ ਖਬਰ ਆਮ ਆਦਮੀ ਪਾਰਟੀ ਤੋਂ ਵੱਖ ਹੋ ਚੁੱਕੇ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਨਾਲ ਸੰਬੰਧਤ ਹੈ, ਜਿਹੜਾ ਕਈ ਚਿਰ ਆਪਣੇ ਕੋਲ ਰੱਖੀ ਛੱਡਣ ਦੇ ਬਾਅਦ ਕੱਲ੍ਹ ਇਸ ਪਾਰਟੀ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ। ਖਹਿਰਾ ਨੇ ਜਦੋਂ ਪਾਰਟੀ ਤੋਂ ਅਸਤੀਫਾ ਦਿੱਤਾ ਤਾਂ ਓਦੋਂ ਹੀ ਸਾਫ ਹੋ ਗਿਆ ਸੀ ਕਿ ਉਹ ਬਠਿੰਡਾ ਤੋਂ ਲੋਕ ਸਭਾ ਲਈ ਚੋਣ ਲੜਨ ਵਾਲੇ ਹਨ ਤੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਾਲਾ ਬਿੱਲਾ ਆਪਣੇ ਮੋਢੇ ਤੋਂ ਲਾਹ ਦੇਣਾ ਚਾਹੁੰਦੇ ਸਨ। ਕੱਲ੍ਹ ਪਾਰਟੀ ਨੇ ਉਨ੍ਹਾ ਦਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਭੇਜ ਕੇ ਪ੍ਰਵਾਨ ਕਰ ਲੈਣ ਵਾਸਤੇ ਲਿਖ ਦਿੱਤਾ ਹੈ। ਸਪੀਕਰ ਸਾਹਿਬ ਇਹ ਅਸਤੀਫਾ ਖੜੇ ਪੈਰ ਵੀ ਪ੍ਰਵਾਨ ਕਰ ਸਕਦੇ ਹਨ ਤੇ ਕੁਝ ਰੋਕਣ ਦਾ ਹੱਕ ਵੀ ਉਨ੍ਹਾ ਕੋਲ ਹੈ। ਇਸੇ ਮੌਕੇ ਏਸੇ ਆਮ ਆਦਮੀ ਪਾਰਟੀ ਵਿੱਚੋਂ ਦਿੱਤੇ ਮਾਸਟਰ ਬਲਦੇਵ ਸਿੰਘ ਦੇ ਅਸਤੀਫੇ ਨਾਲ, ਜੇ ਦੋਵੇਂ ਸੀਟਾਂ ਖਾਲੀ ਹੋਣ ਦੀ ਨੌਬਤ ਆ ਗਈ ਤਾਂ ਇਹ ਚੋਣਾਂ ਵੀ ਲੋਕ ਸਭਾ ਦੇ ਨਾਲ ਹੋਣਗੀਆਂ ਅਤੇ ਲੜਾਈ ਕਈ ਪੱਖਾਂ ਤੋਂ ਹੋਰ ਵੀ ਦਿਲਚਸਪ ਹੋ ਜਾਵੇਗੀ।
ਦਿਲਚਸਪੀ ਸਿਰਫ ਇਸ ਪੱਖ ਤੋਂ ਨਹੀਂ, ਇੱਕ ਹੋਰ ਪਾਸੇ ਵੱਲੋਂ ਵੀ ਪੈਦਾ ਹੋਣ ਲੱਗ ਪਈ ਹੈ। ਦਿੱਲੀ ਦੇ ਪੀੜਤਾਂ ਲਈ ਚੌਂਤੀ ਸਾਲ ਤੱਕ ਮੁਫਤ ਕੇਸ ਲੜਦੇ ਰਹਿਣ ਵਾਲੇ ਵਕੀਲ ਐੱਚ ਐੱਸ ਫੂਲਕਾ ਬਾਰੇ ਖਬਰ ਹੈ ਕਿ ਉਹ ਭਾਜਪਾ ਵੱਲੋਂ ਲੁਧਿਆਣੇ ਤੋਂ ਉਮੀਦਵਾਰ ਬਣਾਏ ਜਾ ਸਕਦੇ ਹਨ। ਸਿੱਧਾ ਭਾਜਪਾ ਉਮੀਦਵਾਰ ਬਣਨ ਦੀ ਥਾਂ ਉਹ ਕੋਈ ਵੱਖਰਾ ਸੰਗਠਨ ਖੜਾ ਕਰਨ ਦੀ ਸੋਚ ਵਿੱਚ ਦੱਸੇ ਜਾਂਦੇ ਹਨ। ਅਕਾਲੀ ਦਲ ਭਾਵੇਂ ਇਹ ਮੰਨ ਚੁੱਕਾ ਹੈ ਕਿ ਅੰਮ੍ਰਿਤਸਰ ਸੀਟ ਭਾਜਪਾ ਤੋਂ ਲੈ ਕੇ ਲੁਧਿਆਣਾ ਸੀਟ ਭਾਜਪਾ ਨੂੰ ਛੱਡ ਦੇਣੀ ਹੈ, ਉਸ ਦੇ ਆਗੂ ਅਜੇ ਫੂਲਕਾ ਦੇ ਸਵਾਲ ਉੱਤੇ ਦੋਚਿੱਤੀ ਵਿੱਚ ਹਨ। ਕਾਰਨ ਇਹ ਕਿ ਪਿਛਲੇ ਹਫਤੇ ਹੀ ਫੂਲਕਾ ਨੇ ਇਹ ਐਲਾਨ ਕੀਤਾ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਵਾਰ ਦਾ ਕਬਜ਼ਾ ਤੁੜਾਉਣ ਦੇ ਲਈ ਸੰਘਰਸ਼ ਛੇੜਨ ਵਾਲੇ ਹਨ। ਜਿਹੜਾ ਬੰਦਾ ਬਾਦਲ ਪਰਵਾਰ ਦਾ ਏਡਾ ਵਿਰੋਧੀ ਹੋਵੇ, ਉਸ ਨੂੰ ਭਾਜਪਾ ਤਾਂ ਟਿਕਟ ਦੇਣ ਲਈ ਤਿਆਰ ਹੋ ਸਕਦੀ ਹੈ, ਕਿਉਂਕਿ ਦਿੱਲੀ ਦੇ ਭਾਜਪਾ ਲੀਡਰਾਂ ਵਿਜੇ ਗੋਇਲ ਅਤੇ ਰਾਜਨਾਥ ਸਿੰਘ ਨਾਲ ਫੂਲਕਾ ਦੀ ਨੇੜਤਾ ਦੱਸੀ ਜਾਂਦੀ ਹੈ, ਪਰ ਅਕਾਲੀ ਦਲ ਨੂੰ ਉਸ ਦੇ ਚਲਾਏ ਸ਼ਬਦਾਂ ਦੇ ਤੀਰ ਚੁਭਣ ਤੋਂ ਛੇਤੀ ਕੀਤੇ ਹਟ ਨਹੀਂ ਸਕਣੇ। ਫਿਰ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਆਗੂਆਂ ਨੇ ਅਕਾਲੀ ਲੀਡਰਸ਼ਿਪ ਦੇ ਨਾਲ ਇਸ ਬਾਰੇ ਗੱਲ ਤੋਰ ਲਈ ਹੈ।
ਅਸੀਂ ਇਸ ਵਕਤ ਇਹ ਗੱਲ ਨਹੀਂ ਕਹਿ ਸਕਦੇ ਕਿ ਆਖਰੀ ਮੋੜ ਉੱਤੇ ਕੀ ਵਾਪਰੇਗਾ, ਪਰ ਜਿਹੜੇ ਪਾਸੇ ਨੂੰ ਲੋਕ ਸਭਾ ਚੋਣਾਂ ਲਈ ਵੱਖ-ਵੱਖ ਆਗੂਆਂ ਤੇ ਪਾਰਟੀਆਂ ਨੇ ਮੁੱਢਲੇ ਕਦਮ ਚੁੱਕੇ ਹਨ, ਉਸ ਨਾਲ ਇਹ ਚੋਣ ਏਦਾਂ ਦੀ ਹੈਰਾਨੀ ਪੈਦਾ ਕਰਨ ਵਾਲੀ ਹੋਵੇਗੀ ਕਿ ਬਹੁਤ ਸਾਰੇ ਥਾਂ ਕੱਲ੍ਹ ਤੱਕ ਇੱਕ-ਦੂਜੇ ਨੂੰ ਨਿੰਦਣ ਵਾਲੇ ਲੀਡਰ ਇੱਕ-ਦੂਜੇ ਨਾਲ ਖੜੋਤੇ ਦਿਸਣਗੇ। ਅਜੇ ਇਹ ਮੁੱਢਲਾ ਪ੍ਰਭਾਵ ਹੈ, ਅਗਲੇ ਛੇ ਹਫਤਿਆਂ ਵਿੱਚ ਆਖਰ ਨੂੰ ਕੀ ਵਾਪਰੇਗਾ, ਇਸ ਦੀ ਸਭ ਨੂੰ ਉਡੀਕ ਰਹੇਗੀ।

Related posts

ਮੋਦੀ ਦਾ ਪਿੱਛਾ ਨਹੀਂ ਛੱਡੇਗਾ ਰਾਫੇਲ ਦਾ ‘ਭੂਤ’

Rojanapunjab

Universities postponed examinations due to corporation elections

Rojanapunjab

ਲੀਹ ਤੋਂ ਲੱਥਾ ਪਿਆ ਅਕਾਲੀ ਦਲ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy